ਚੀਨੀ ਸਰਕਾਰ ਦੀ ਦਲਾਈ ਲਾਮਾ ਦਾ ਉਤਰਾਧਿਕਾਰੀ ਚੁਣਨ ਦੀ ਪ੍ਰਕਿਰਿਆ ’ਚ ਨਹੀਂ ਹੋਣੀ ਚਾਹੀਦੀ ਭੂਮਿਕਾ : ਬਾਇਡਨ ਪ੍ਰਸ਼ਾਸਨ

326
Share

ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੀਨੀ ਸਰਕਾਰ ਦੀ ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ ਉਤਰਾਧਿਕਾਰੀ ਚੁਣਨ ਦੀ ਪ੍ਰਕਿਰਿਆ ’ਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਦੈਨਿਕ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਸਾਡਾ ਮੰਨਣਾ ਹੈ ਕਿ ਚੀਨ ਦੀ ਸਰਕਾਰ ਦੀ ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ ਉਤਰਾਧਿਕਾਰੀ ਚੁਣਨ ਦੀ ਪ੍ਰਕਿਰਿਆ ’ਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ।’’
ਪ੍ਰਾਇਸ ਨੇ ਕਿਹਾ, ‘‘25 ਸਾਲ ਤੋਂ ਵੱਧ ਸਮੇਂ ਪਹਿਲਾਂ ਐਂਚੇਨ ਲਾਮਾ ਦੇ ਉਤਰਾਧਿਕਾਰੀ ਦੀ ਪ੍ਰਕਿਰਿਆ ’ਚ ਬੀਜਿੰਗ ਦੀ ਦਖਲ ਅੰਦਾਜ਼ੀ, ਜਿਸ ਵਿਚ ਪੰਚੇਨ ਲਾਮਾ ਨੂੰ ਬਚਪਨ ’ਚ ‘ਗਾਇਬ’ ਕਰਨਾ ਅਤੇ ਫਿਰ ‘ਪੀਪਲਜ਼ ਰੀਪਬਲਿਕ ਆਫ ਚਾਈਨਾ’ (ਪੀ.ਆਰ.ਐੱਸ.) ਸਰਕਾਰ ਦੁਆਰਾ ਚੁਣੇ ਗਏ ਉਤਰਾਧਿਕਾਰੀ ਨੂੰ ਉਨ੍ਹਾਂ ਦਾ ਸਥਾਨ ਦੇਣ ਦੀ ਕੋਸ਼ਿਸ਼ ਕਰਨਾ ਧਾਰਮਿਕ ਆਜ਼ਾਦੀ ਦੀ ਘੋਰ ਉਲੰਘਣਾ ਨੂੰ ਦਰਸਾਉਂਦਾ ਹੈ।’’ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਸੰਬਰ ਵਿਚ ਇਕ ਕਾਨੂੰਨ ’ਤੇ ਦਸਤਖ਼ਤ ਕੀਤੇ ਸਨ ਜਿਸ ਵਿਚ ਤਿੱਬਤ ਵਿਚ ਵਣਜ ਦੂਤਾਵਾਸ ਸਥਾਪਿਤ ਕਰਨ ਅਤੇ ਇਕ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਅਗਲੇ ਦਲਾਈ ਲਾਮਾ ਸਿਰਫ ਤਿੱਬਤ ਬੌਧ ਭਾਈਚਾਰੇ ਦੁਆਰਾ ਚੁਣੇ ਜਾਣ ਅਤੇ ਇਸ ਵਿਚ ਚੀਨ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ।
ਤਿੱਬਤ ’ਤੇ ਕਬਜ਼ੇ ਦੇ 70 ਸਾਲ ਬਾਅਦ ਵੀ ਚੀਨ ਦੀ ਪਕੜ ਇੰਨੀ ਮਜ਼ਬੂਤ ਨਹੀਂ ਹੋ ਪਾਈ ਹੈ, ਜਿੰਨੀ ਚੀਨੀ ਕਮਿਊਨਿਸਟ ਪਾਰਟੀ ਕਰਨਾ ਚਾਹੁੰਦੀ ਹੈ। ਇਸੇ ਕਾਰਨ ਜਿਨਪਿੰਗ ਪ੍ਰਸ਼ਾਸਨ ਹੁਣ ਤਿੱਬਤ ਵਿਚ ਧਰਮ ਦਾ ਕਾਰਡ ਖੇਡਣ ਦੀ ਤਿਆਰੀ ਕਰ ਰਿਹਾ ਹੈ। ਤਿੱਬਤ ਵਿਚ ਬੌਧ ਧਰਮ ਦੇ ਸਭ ਤੋਂ ਵੱਧ ਜ਼ਿਆਦਾ ਚੇਲੇ ਰਹਿੰਦੇ ਹਨ, ਜਦਕਿ ਚੀਨ ਦੀ ਕਮਿਊਨਿਸਟ ਸਰਕਾਰ ਕਿਸੇ ਵੀ ਧਰਮ ਨੂੰ ਨਹੀਂ ਮੰਨਦੀ ਹੈ। ਇਸ ਲਈ ਇੱਥੋਂ ਦੇ ਲੋਕਾਂ ਵਿਚ ਆਪਣਾ ਦਬਦਬਾ ਬਣਾਉਣ ਲਈ ਚੀਨ ਹੁਣ ਪੰਚੇਨ ਲਾਮਾ ਦਾ ਸਹਾਰਾ ਲੈਣ ਦੀ ਤਿਆਰੀ ਕਰ ਰਿਹਾ ਹੈ।
ਤਿੱਬਤੀ ਬੌਧ ਧਰਮ ’ਚ ਦਲਾਈ ਲਾਮਾ ਦੇ ਬਾਅਦ ਦੂਜਾ ਸਭ ਤੋਂ ਮਹੱਤਵਪੂਰਨ ਵਿਅਕਤੀ ਪੰਚੇਨ ਲਾਮਾ ਨੂੰ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਅਹੁਦਾ ਵੀ ਦਲਾਈ ਲਾਮਾ ਦੀ ਤਰ੍ਹਾਂ ਪੁਨਰਜਨਮ ਦੀ ਆਸਥਾ ’ਤੇ ਆਧਾਰਿਤ ਹੈ। ਤਿੱਬਤੀ ਬੌਧ ਧਰਮ ਦੇ ਦੂਜੇ ਸਭ ਤੋਂ ਮਹੱਤਵਪੂਰਨ ਵਿਅਕਤੀ ਪੰਚੇਨ ਲਾਮਾ ਦੀ 1989 ’ਚ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚੀਨ ਸਰਕਾਰ ਨੇ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਰਵਾਇਆ ਸੀ, ਜਿਸ ਦੇ ਬਾਅਦ ਤੋਂ ਉਨ੍ਹਾਂ ਦਾ ਜਲਦ ਹੀ ਦੂਜਾ ਜਨਮ ਲੈਣ ਦੀ ਆਸ ਜ਼ਾਹਰ ਕੀਤੀ ਗਈ ਸੀ।

Share