ਚਾਰ ਸੂਬਿਆਂ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਦੇ ਹੱਥ ਰਹੇ ਖਾਲੀ

69
ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਟੀਐੱਮਸੀ ਆਗੂ ਸ਼ਤਰੂਘਨ ਸਿਨਹਾ।
Share

-ਆਸਨਸੋਲ ਤੋਂ ਸ਼ਤਰੂਘਨ ਸਿਨਹਾ 3 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਰਹੇ ਜੇਤੂ
ਕੋਲਕਾਤਾ/ਕੋਲਹਾਪੁਰ, 18 ਅਪ੍ਰੈਲ (ਪੰਜਾਬ ਮੇਲ)- ਦੇਸ਼ ਦੇ ਚਾਰ ਸੂਬਿਆਂ ’ਚ ਇੱਕ ਲੋਕ ਸਭਾ ਤੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ’ਚ ਭਾਰਤੀ ਜਨਤਾ ਪਾਰਟੀ ਦੇ ਹੱਥ ਪੂਰੀ ਤਰ੍ਹਾਂ ਖਾਲੀ ਰਹੇ ਹਨ। ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੇ ਬਾਲੀਗੰਜ ਵਿਧਾਨ ਸਭਾ ਸੀਟ ’ਤੇ ਤਿ੍ਰਣਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਮਹਾਰਾਸ਼ਟਰ ਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ, ਜਦਕਿ ਬਿਹਾਰ ਦੀ ਵਿਧਾਨ ਸਭਾ ਸੀਟ ’ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਜੇਤੂ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਤੋਂ ਸਿਆਸਤ ’ਚ ਆਏ ਸ਼ਤਰੂਘਨ ਸਿਨਹਾ ਨੇ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ। ਤਿ੍ਰਣਮੂਲ ਕਾਂਗਰਸ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਨੇ ਆਪਣੀ ਨੇੜਲੀ ਵਿਰੋਧੀ ਭਾਜਪਾ ਦੀ ਉਮੀਦਵਾਰ ਅਗਨੀਮਿੱਤਰਾ ਪੌਲ ਨੂੰ 3,03,209 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਉਨ੍ਹਾਂ ਨੂੰ ਕੁੱਲ 6,56,358 ਜਦਕਿ ਅਗਨੀਮਿੱਤਰਾ ਨੂੰ 3,53,149 ਵੋਟਾਂ ਪਈਆਂ ਹਨ। ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪਿ੍ਰਓ ਆਪਣਾ ਅਸਤੀਫਾ ਦੇ ਕੇ ਪਿਛਲੇ ਸਾਲ ਸਤੰਬਰ ’ਚ ਟੀ.ਐੱਮ.ਸੀ. ’ਚ ਸ਼ਾਮਲ ਹੋ ਗਏ ਸਨ, ਜਿਸ ਮਗਰੋਂ ਇੱਥੇ ਉਪ ਚੋਣ ਹੋਈ ਹੈ। ਇਸੇ ਦੌਰਾਨ ਟੀ.ਐੱਮ.ਸੀ. ਉਮੀਦਪਾਰ ਬਾਬੁਲ ਸੁਪਿ੍ਰਓ ਨੇ ਵਿਧਾਨ ਸਭਾ ਹਲਕਾ ਬਾਲੀਗੰਜ ਤੋਂ ਸੀ.ਪੀ.ਆਈ. (ਐੱਮ) ਦੇ ਉਮੀਦਵਾਰ ਸਾਇਰਾ ਸ਼ਾਹ ਹਲੀਮ ਨੂੰ 20,228 ਵੋਟਾਂ ਦੇ ਫਰਕ ਨਾਲ ਹਰਾਇਆ। ਸੁਪਿ੍ਰਓ ਨੂੰ 51,199 ਜਦਕਿ ਹਲੀਮ ਨੂੰ 30,971 ਵੋਟਾਂ ਪਈਆਂ। ਦਿਲਚਸਪ ਗੱਲ ਇਹ ਹੈ ਕਿ ਹਲੀਮ ਨੇ ਭਾਜਪਾ ਦੀ ਕੇਯਾ ਘੋਸ਼ ਨੂੰ ਪਛਾੜ ਦਿੱਤਾ, ਜਿਸ ਨੂੰ ਸਿਰਫ਼ 13,220 ਵੋਟਾਂ ਮਿਲੀਆਂ। ਬਾਲੀਗੰਜ ਦੇ ਵਿਧਾਇਕ ਤੇ ਰਾਜ ਸਰਕਾਰ ’ਚ ਮੰਤਰੀ ਸੁਬ੍ਰਤ ਮੁਖਰਜੀ ਦੇ ਦੇਹਾਂਤ ਕਾਰਨ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ ਹੈ।
ਜੇਤੂ ਰਹੇ ਟੀ.ਐੱਮ.ਸੀ. ਆਗੂ ਬਾਬੁਲ ਸੁਪਿ੍ਰਓ ਤੇ ਆਰ.ਜੇ.ਡੀ. ਆਗੂ ਅਮਰ ਪਾਸਵਾਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਨੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਫਤਵਾ ਦੇਣ ਲਈ ਆਸਨਸੋਲ ਤੇ ਬਾਲੀਗੰਜ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, ‘ਮੈਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਫਤਵਾ ਦੇਣ ਲਈ ਆਸਨਸੋਲ ਸੰਸਦੀ ਹਲਕੇ ਤੇ ਬਾਲੀਗੰਜ ਵਿਧਾਨ ਸਭਾ ਹਲਕੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।’


Share