ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਹਾਈਕਮਾਨ ਨੇ ਵਿਰੋਧੀਆਂ ਨੂੰ ਕੀਤਾ ਚਿੱਤ

344
Share

-ਇਕ ਤੀਰ ਨਾਲ ਸਾਧੇ ਕਈ ਨਿਸ਼ਾਨੇ
ਜਲੰਧਰ, 20 ਸਤੰਬਰ (ਪੰਜਾਬ ਮੇਲ)- ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਪਾਰਟੀ ਹਾਈਕਮਾਨ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਸਾਧੇ ਹਨ। ਹਾਲਾਂਕਿ ਮੀਡੀਆ ਤੇ ਸਿਆਸੀ ਗਲਿਆਰਿਆਂ ’ਚ ਹਿੰਦੂ ਚਿਹਰੇ ਵਜੋਂ ਸੁਨੀਲ ਜਾਖੜ ਤੋਂ ਬਾਅਦ ਜੇਕਰ ਕਿਸੇ ਜੱਟ ਸਿੱਖ ਚਿਹਰੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ਚੱਲਦੀ ਰਹੀ, ਤਾਂ ਉਸ ਵਿਚ ਸਭ ਤੋਂ ਉੱਪਰ ਨਾਂਅ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸੀ, ਪਰ ਦੇਰ ਸ਼ਾਮ ਨੂੰ ਜਦੋਂ ਪਾਰਟੀ ਹਾਈਕਮਾਨ ਨੇ ਆਪਣੇ ਪੱਤੇ ਖੋਲ੍ਹੇ, ਤਾਂ ਉਸ ਵਿਚੋਂ ਦਲਿਤ ਚਿਹਰਾ ਚਰਨਜੀਤ ਸਿੰਘ ਚੰਨੀ ਦਾ ਨਾਂਅ ਨਿਕਲਿਆ। ਉਨ੍ਹਾਂ ਬਾਰੇ ਕਿਧਰੇ ਵੀ ਕੋਈ ਚਰਚਾ ਨਹੀਂ ਸੀ ਤੇ ਅਚਾਨਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਸੇ ਕਰਦੇ ਹੋਏ ਹਾਈਕਮਾਨ ਵਲੋਂ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਗਿਆ, ਉਸ ਨਾਲ ਸਿਆਸੀ ਹਲਕੇ ਹੀ ਹੈਰਾਨ ਨਹੀਂ ਹੋਏ, ਬਲਕਿ ਇਸ ਨੂੰ ਮਾਝਾ ਬਿ੍ਰਗੇਡ (ਰੰਧਾਵਾ) ਦੇ ਧੜੇ ਲਈ ਇਕ ਝਟਕਾ ਵੀ ਸਮਝਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਕੋਟੇ ਵਿਚੋਂ ਮੁੱਖ ਮੰਤਰੀ ਬਣੇ ਹਨ ਤੇ ਇਸ ਨੂੰ ਰਾਹੁਲ ਗਾਂਧੀ ਵਲੋਂ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦੇ ਜਾਣ ਦੀ ਕਵਾਇਦ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੇ ਸਭ ਤੋਂ ਪਹਿਲੇ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਸਨ, ਉਨ੍ਹਾਂ ਦੇ ਪਿਛਲੇ ਸਾਲ ਕੈਬਨਿਟ ਮੀਟਿੰਗ ’ਚ ਐਕਸਾਈਜ਼ ਨੀਤੀ ਨੂੰ ਲੈ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮਤਭੇਦ ਪੈਦਾ ਹੋ ਗਏ ਸਨ, ਜੋ ਕੈਪਟਨ ਨਾਲ ਟਕਰਾਅ ਦਾ ਕਾਰਨ ਬਣੇ। ਬਾਅਦ ’ਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤ ਕਰਨ ਵਾਲੇ ਮੰਤਰੀਆਂ ਤੇ ਵਿਧਾਇਕਾਂ ਦੇ ਧੜੇ ’ਚ ਚਰਨਜੀਤ ਸਿੰਘ ਚੰਨੀ ਅੱਗੇ ਹੋ ਕੇ ਚੱਲਦੇ ਰਹੇ।
ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਸਮਾਜ ਨਾਲ ਸਬੰਧ ਰੱਖਦੇ ਹਨ ਤੇ ਉਹ ਲਗਾਤਾਰ ਤੀਸਰੀ ਵਾਰ ਵਿਧਾਇਕ ਬਣੇ ਹਨ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ’ਚ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ। ਕਾਂਗਰਸ ’ਚ ਸਭ ਤੋਂ ਘੱਟ ਉਮਰ ਦੇ ਤੇ ਪਹਿਲੇ ਦਲਿਤ ਮੁੱਖ ਮੰਤਰੀ ਬਣਨ ਜਾ ਰਹੇ ਚਰਨਜੀਤ ਸਿੰਘ ਚੰਨੀ (48) ਪਾਰਟੀ ਲਈ ਦਲਿਤ, ਸਿੱਖ ਤੇ ਨੌਜਵਾਨ ਚਿਹਰਾ ਬਣ ਕੇ ਉਭਰੇ ਹਨ। ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹਏ ਦਲਿਤ ਕਾਰਡ ਖੇਡਦੇ ਹੋਏ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਅਜਿਹਾ ਕਰਕੇ ਕਾਂਗਰਸ ਹਾਈਕਮਾਨ ਨੇ ਆਪਣੀ ਸਿਆਸੀ ਸੂਝਬੂਝ ਦਾ ਸਬੂਤ ਦਿੰਦੇ ਹੋਏ ਵਿਰੋਧੀ ਪਾਰਟੀਆਂ ਨੂੰ ਵੀ ਚਿੱਤ ਕਰਨ ਦਾ ਯਤਨ ਕੀਤਾ ਹੈ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਹੁਜਨ ਸਮਾਜ ਪਾਰਟੀ ਨਾਲ ਕੀਤੇ ਗਠਜੋੜ ਕਾਰਨ ਇਹ ਸਮਝਿਆ ਜਾ ਰਿਹਾ ਸੀ ਕਿ ਦਲਿਤ ਵੋਟ ਬੈਂਕ ਦਾ ਵੱਡਾ ਹਿੱਸਾ ਗਠਜੋੜ ਦੇ ਹਿੱਸੇ ’ਚ ਚਲਾ ਜਾਵੇਗਾ, ਪਰ ਕਾਂਗਰਸ ਹਾਈਕਮਾਨ ਨੇ ਇਸ ਤਰ੍ਹਾਂ ਕਰਕੇ ਚਰਨਜੀਤ ਸਿੰਘ ਚੰਨੀ ਦੇ ਰੂਪ ’ਚ ਨਾ ਕੇਵਲ ਇਸ ਗਠਜੋੜ ਦਾ ਤੋੜ ਲੱਭਿਆ, ਬਲਕਿ ਵਿਧਾਨ ਸਭਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੂੰ ਸਿਆਸੀ ਤੌਰ ’ਤੇ ਮਾਤ ਦੇਣ ਦਾ ਯਤਨ ਕੀਤਾ ਹੈ। ਇੱਥੇ ਹੀ ਬੱਸ ਨਹੀਂ, ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਕਿਸੇ ਦਲਿਤ ਆਗੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਰਕੇ ਦਲਿਤ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਵੀ ਕਾਂਗਰਸ ਹਾਈਕਮਾਨ ਰੋਕਣ ’ਚ ਹਾਲ ਦੀ ਘੜੀ ਕਾਮਯਾਬ ਹੋਈ ਦਿਖਾਈ ਦੇ ਰਹੀ ਹੈ। ਕੇਂਦਰ ’ਚ ਸੱਤਾ ’ਤੇ ਕਾਬਜ਼ ਭਾਜਪਾ ਅੰਦਰ ਵੀ ਸੂਬੇ ’ਚ ਦਲਿਤ ਵੋਟ ਬੈਂਕ ਦੀ ਅਹਿਮੀਅਤ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਦੀ ਵਾਗਡੋਰ ਕਿਸੇ ਦਲਿਤ ਆਗੂ ਨੂੰ ਦੇਣ ’ਤੇ ਚਰਚਾ ਚੱਲਦੀ ਰਹੀ ਹੈ। ਦੱਸਣਯੋਗ ਹੈ ਕਿ ਸੂਬੇ ਅੰਦਰ 34 ਫੀਸਦੀ ਦੇ ਕਰੀਬ ਦਲਿਤ ਵੋਟਰ ਹਨ ਤੇ ਸੂਬੇ ’ਚ ਸਰਕਾਰ ਬਣਾਉਣ ’ਚ ਦਲਿਤ ਭਾਈਚਾਰੇ ਦਾ ਹਮੇਸ਼ਾ ਅਹਿਮ ਰੋਲ ਰਿਹਾ ਹੈ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਬਹੁ-ਗਿਣਤੀ ਦਲਿਤ ਵਸੋਂ ਵਾਲੇ ਦੁਆਬਾ ਖੇਤਰ ’ਚ ਵੱਧ ਸੀਟਾਂ ਹਾਸਲ ਕਰਨ ਵਾਲੀ ਪਾਰਟੀ ਦੀ ਹੀ ਸਰਕਾਰ ਬਣਦੀ ਰਹੀ ਹੈ। ਉਧਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ, ਉਸ ਤੋਂ ਸਾਫ ਹੋ ਗਿਆ ਸੀ ਕਿ ਹਾਈਕਮਾਨ ਸਿੱਧੂ ਨੂੰ ਹਾਲ ਦੀ ਘੜੀ ਮੁੱਖ ਮੰਤਰੀ ਬਣਾਉਣ ਦੀ ਜ਼ੋਖਮ ਨਹੀਂ ਉਠਾਉਣਾ ਚਾਹੇਗੀ ਤੇ ਉਨ੍ਹਾਂ ਨੂੰ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਨਾਂਅ ’ਤੇ ਸਹਿਮਤੀ ਬਣਾਉਣ ਲਈ ਹਾਈਕਮਾਨ ਨੂੰ ਲੰਬੀ ਜੱਦੋ-ਜਹਿਦ ਕਰਨੀ ਪਈ ਤੇ ਦੇਰ ਸ਼ਾਮ ਤੱਕ ਹੀ ਉਨ੍ਹਾਂ ਦੇ ਨਾਂਅ ’ਤੇ ਮੋਹਰ ਲੱਗ ਸਕੀ, ਪਰ ਉਨ੍ਹਾਂ ਦਾ ਨਾਂਅ ਫਾਈਨਲ ਹੋਣ ਨਾਲ ਸੂਬੇ ਦੀ ਕੁਰਸੀ ’ਤੇ ਪਹਿਲੇ ਦਲਿਤ ਮੁੱਖ ਮੰਤਰੀ ਦੇ ਬੈਠਣ ਲਈ ਰਸਤਾ ਸਾਫ ਹੋ ਗਿਆ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵਲੋਂ ਵੀ ਲਗਾਤਾਰ ਕਿਸੇ ਦਲਿਤ ਆਗੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੀ ਮੰਗ ਉਠਾਈ ਜਾਂਦੀ ਰਹੀ ਹੈ, ਪਰ ਇਸ ਦੇ ਬਾਵਜੂਦ ਹਾਈਕਮਾਨ ਵਲੋਂ ਜਿਸ ਤਰ੍ਹਾਂ ਪਹਿਲਾਂ ਹਿੰਦੂ ਚਿਹਰੇ ਸੁਨੀਲ ਜਾਖੜ ਤੇ ਬਾਅਦ ’ਚ ਜੱਟ ਸਿੱਖ ਚਿਹਰੇ ਵਜੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਚੱਲਦੀ ਰਹੀ, ਉਸ ਕਾਰਨ ਚੰਨੀ ਦਾ ਕਿਧਰੇ ਵੀ ਕੋਈ ਜ਼ਿਕਰ ਨਹੀਂ ਆਇਆ ਸੀ ਤੇ ਉਨ੍ਹਾਂ ਨੂੰ ਅਚਾਨਕ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਹਾਈਕਮਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

Share