ਚਰਨਜੀਤ ਚੰਨੀ ਕਾਰਨ ਭਦੌੜ ਹਲਕਾ ਬਣਿਆ ਵੀ.ਆਈ.ਪੀ.

135
ਚਰਨਜੀਤ ਸਿੰਘ ਚੰਨੀ, ਲਾਭ ਸਿੰਘ ਉਗੋਕੇ, ਸਤਨਾਮ ਰਾਹੀ
Share

* ਭਦੌੜ ਹਲਕਾ ਰਚੇਗਾ ਇਤਿਹਾਸ ਰਚੇਗਾ
* ‘ਆਪ’ ਨੇ ਲਾਭ ਸਿੰਘ ਉਗੋਕੇ ਤੇ ਅਕਾਲੀ ਦਲ-ਬਸਪਾ ਨੇ ਸਤਨਾਮ ਰਾਹੀ ਨੂੰ ਚੋਣ ਮੈਦਾਨ ’ਚ ਉਤਾਰਿਆ
ਭਦੌੜ, 15 ਫਰਵਰੀ (ਪੰਜਾਬ ਮੇਲ)- ਰਾਖਵਾਂ ਹਲਕਾ ਭਦੌੜ ਐਤਕੀਂ ਇਤਿਹਾਸ ਰਚੇਗਾ। ਜਿੱਤ ਕਿਸੇ ਦੀ ਝੋਲੀ ਵੀ ਪਵੇ, ਹਲਕੇ ਦਾ ਰਾਜਸੀ ਨਕਸ਼ਾ ਨਵੀਂ ਇਬਾਰਤ ਲਿਖੇਗਾ। ਚੋਣ ਨਤੀਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੱਖ ’ਚ ਭੁਗਤੇ ਤਾਂ ਵੀ ਭਦੌੜ ਨਵੀਂ ਚਰਚਾ ਛੇੜੇਗਾ ਅਤੇ ਜੇ ਇੱਥੋਂ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ, ਤਾਂ ਇਸ ਹਲਕੇ ਦੀ ਅਲੱਗ ਤਰ੍ਹਾਂ ਦੀ ਗੁੱਡੀ ਚੜ੍ਹੇਗੀ। ਭਦੌੜ ’ਚ ਇਸ ਤਰ੍ਹਾਂ ਦਾ ਆਮ ਪ੍ਰਭਾਵ ਹੈ। ਕਿਸੇ ਨੂੰ ਪੁੁੱਛੋ, ਹਰ ਇਹੋ ਆਖਦਾ, ‘ਬੱਸ ਇਤਿਹਾਸ ਰਚਾਂਗੇ।’ ਜਦੋਂ ਪੁੱਛਦੇ ਹਾਂ ਕਿ ਉਹ ਕਿਵੇਂ? ਅੱਗਿਓਂ ਸਭਨਾਂ ਦਾ ਇੱਕੋ ਜਵਾਬ ਹੈ ਕਿ 10 ਮਾਰਚ ਨੂੰ ਦੱਸਾਂਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਹੋਣ ਕਰਕੇ ਹਲਕਾ ਵੀ.ਆਈ.ਪੀ. ਬਣ ਗਿਆ ਹੈ। ‘ਆਪ’ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਹਨ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਤਨਾਮ ਸਿੰਘ ਰਾਹੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਗੋਰਾ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਧਰਮ ਸਿੰਘ ਫੌਜੀ ਵੀ ਮੈਦਾਨ ਵਿਚ ਹਨ। ਲੋਕ ਆਖਦੇ ਹਨ ਕਿ ਟੱਕਰ ਕਾਂਗਰਸ ਤੇ ‘ਆਪ’ ਵਿਚਾਲੇ ਹੈ ਪਰ ਪਿੰਡਾਂ-ਸ਼ਹਿਰਾਂ ’ਚ ਲੱਗੇ ਝੰਡਿਆਂ ਤੋਂ ਮੁਕਾਬਲਾ ਤਿਕੋਣਾ ਜਾਪਦਾ ਹੈ। ਤਪਾ ਸ਼ਹਿਰ ’ਚ ਅਕਾਲੀ ਦਲ-ਬਸਪਾ ਉਮੀਦਵਾਰ ਦਾ ਜਲਵਾ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਸੰਸਦੀ ਹਲਕੇ ਵਿਚ ਵਿਧਾਨ ਸਭਾ ਹਲਕਾ ਭਦੌੜ ਪੈਂਦਾ ਹੈ, ਜਿਸ ਕਰਕੇ ਹਲਕੇ ’ਚ ਹਵਾ ਬਦਲਾਅ ਵਾਲੀ ਚੱਲ ਰਹੀ ਹੈ।
ਹਲਕੇ ’ਚ ਛੋਟੇ-ਵੱਡੇ ਕਰੀਬ 74 ਪਿੰਡ ਪੈਂਦੇ ਹਨ ਅਤੇ ਇਸ ਹਲਕੇ ਵਿਚ ਮੁਸਲਿਮ ਭਾਈਚਾਰੇ ਦੀ ਵੀ ਦੋ ਫੀਸਦੀ ਵੋਟ ਹੈ। ‘ਅਸਲ ਗਰੀਬ ਕੌਣ’, ਇਸ ’ਤੇ ‘ਆਪ’ ਉਮੀਦਵਾਰ ਦਾ ਭਾਸ਼ਨ ਕੇਂਦਰਿਤ ਹੈ। ਕਾਂਗਰਸ ਦੀ ਮੁਹਿੰਮ ਚਲਾ ਰਹੇ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਦਰਬਾਰਾ ਸਿੰਘ ਗੁਰੂ ਇਸ ਗੱਲ ਨੂੰ ਉਭਾਰਦੇ ਹਨ ਕਿ ਜੇ ਚੰਨੀ ਜਿੱਤਦੇ ਹਨ, ਤਾਂ ਹਲਕੇ ਦੀ ਕਾਇਆ ਕਲਪ ਹੋ ਜਾਵੇਗੀ। ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਪੱਖ ’ਚ ਬਦਲਾਅ ਦਾ ਰੁਝਾਨ ਬੈਠਦਾ ਹੈ। ਉਪਰੋਂ ਇਸ ਉਮੀਦਵਾਰ ਕੋਲ ਸਿਰਫ ਦੋ ਕਮਰਿਆਂ ਦਾ ਘਰ ਹੈ ਅਤੇ ਇੱਕ ਪੁਰਾਣੇ ਮਾਡਲ ਦਾ ਮੋਟਰਸਾਈਕਲ।
ਉਗੋਕੇ ਨੇ ਹਰ ਜਲਸੇ ’ਚ ਕਿਹਾ ਕਿ ਅਸਲ ਗਰੀਬ ਤਾਂ ਉਹ ਹਨ। ਕਰੋੜਾਂ ਜਾਇਦਾਦ ਵਾਲੇ ਚੰਨੀ ਨੇ ਗਰੀਬ ਹੋਣ ਦਾ ਢਕਵੰਜ ਕੀਤਾ ਹੈ। ਉਹ ਆਪਣੇ ਛੋਟੇ ਜਿਹੇ ਘਰ ਦੀ ਗੱਲ ਕਰਦੇ ਹਨ। ਚੇਤੇ ਰਹੇ ਕਿ ਚਰਨਜੀਤ ਸਿੰਘ ਚੰਨੀ ਪਹਿਲੀ ਦਫਾ 5 ਦਸੰਬਰ ਨੂੰ ਤਪਾ ਮੰਡੀ ਆਏ ਸਨ। ਚੰਨੀ ਲਈ ਰਾਹ ਆਸਾਨ ਨਹੀਂ ਜਾਪਦੀ। ਉਂਜ ਤਪਾ ਮੰਡੀ ਅਤੇ ਭਦੌੜ ਵਿਚ ਉਨ੍ਹਾਂ ਨੂੰ ਹਮਾਇਤ ਮਿਲ ਰਹੀ ਹੈ। ਭਦੌੜ ਦੇ ਕਈ ਟਕਸਾਲੀ ‘ਆਪ’ ਨਾਲ ਚੱਲ ਪਏ ਹਨ। ਨੌਜਵਾਨ ਤਬਕਾ ‘ਝਾੜੂ’ ਦੇ ਨਾਅਰੇ ਮਾਰ ਰਿਹਾ ਹੈ।

Share