ਗੜ੍ਹੀ ਸਿੰਘ ਸਭਾ ਚੋਣ ਵਿੱਚ ਵਡਾਲਾ ਦਾ ਕਰੀਬੀ ਹਾਰਿਆ

33
Share

ਜੁਮਲੇ ਬਾਜਾਂ ਦੀ ਹਾਰ ਹੋਈ : ਜੀਕੇ
ਨਵੀਂ ਦਿੱਲੀ, 9 ਮਈ (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਪਾਰਟੀ ‘ਸਿੱਖ ਸਦਭਾਵਨਾ ਦਲ’ ਦੇ ਦਿੱਲੀ ਪ੍ਰਧਾਨ ਮਹਾਂ ਸਿੰਘ ਸੋਢੀ ਗੁਰਦੁਆਰਾ ਸਿੰਘ ਸਭਾ, ਗੜ੍ਹੀ ਦੀ ਪ੍ਰਧਾਨਗੀ ਚੋਣ ਹਾਰ ਗਏ ਹਨ।ਪਿਛਲੇ 15 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਸੋਢੀ ਨੂੰ ਹਰਾ ਕੇ ਕੁਲਵਿੰਦਰ ਸਿੰਘ ਪ੍ਰਧਾਨ ਚੁਣੇ ਗਏ ਹਨ। ਇਸਦੇ ਨਾਲ ਹੀ ਕੁਲਵਿੰਦਰ ਸਿੰਘ ਦੀ ਟੀਮ ਦੇ ਬਾਕੀ ਮੈਂਬਰ ਹਰਜਿੰਦਰ ਸਿੰਘ ਸੋਢੀ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸੇਠੀ ਜਨਰਲ ਸਕੱਤਰ, ਗੁਰਪ੍ਰੀਤ ਕੌਰ (ਪਿੰਕੀ) ਮੀਤ ਸਕੱਤਰ ਤੇ ਅਰਜੁਨ ਸਿੰਘ ਸੋਢੀ ਖਜਾਨਚੀ ਅਹੁਦੇ ਲਈ ਜੇਤੂ ਐਲਾਨੇ ਗਏ ਹਨ। ਜੇਤੂ ਟੀਮ ਨੂੰ ਵਧਾਈ ਦੇਣ ਪੁੱਜੇ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਕਿ ਸੋਢੀ ਦੀ ਪ੍ਰਧਾਨਗੀ ਨੂੰ ਬਹਾਲ ਰੱਖਣ ਵਾਸਤੇ ਪੜਦੇ ਪਿਛੋਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਢੀ ਨੂੰ ਜ਼ੋਰਦਾਰ ਹਿਮਾਇਤ ਦਿੱਤੀ ਸੀ, ਪਰ ਸਾਰੀ ਕੋਸ਼ਿਸ਼ਾਂ ਦੇ ਬਾਵਜੂਦ ਇਹ ਸੋਢੀ ਨੂੰ ਜਿੱਤ ਨਹੀਂ ਦਿਵਾ ਸਕੇ ਤੇ ਮੇਰੇ ਵਾਰਡ ਵਿਚਲਾ ਵਿਰੋਧੀਆਂ ਦਾ ਆਖਰੀ ਗੜ੍ਹ ਵੀ ਸੋਢੀ ਦੀ ਹਾਰ ਨਾਲ ਡਿੱਗ ਗਿਆ। ਇਥੇ ਦੱਸ ਦੇਈਏ ਕਿ ਜੀਕੇ ਦੇ ਖਿਲਾਫ ਮਹਾਂ ਸਿੰਘ ਸੋਢੀ ਤੇ ਉਸਦੀ ਪਤਨੀ ਅੰਮ੍ਰਿਤ ਕੌਰ ਦਿੱਲੀ ਕਮੇਟੀ ਦੀ ਚੋਣ ਲੜ ਚੁੱਕੇ ਹਨ।
ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਧਨਾਂ ਦੀ ਮੱਦਦ ਦੇਣ ਦੇ ਨਾਲ ਹੀ ਆਪਣੇ ਖਾਸ ਹਿਮਾਇਤੀ ਨੂੰ ਚੋਣ ਇੰਚਾਰਜ ਬਣਾਕੇ ਜਿੱਤ ਲਈ ਇਨ੍ਹਾਂ ਨੇ ਹਰ ਹੀਲਾ ਵਰਤਿਆ ਸੀ। ਪਰ ਸੰਗਤਾਂ ਕਿਸੇ ਕੀਮਤ ਤੇ ਇਨ੍ਹਾਂ ਜੁਮਲੇ-ਬਾਜਾਂ ਨੂੰ ਹੁਣ ਮੂੰਹ ਲਾਉਣ ਨੂੰ ਤਿਆਰ ਨਹੀਂ ਹਨ। ਦਿੱਲੀ ਕਮੇਟੀ ਦੀ 2021 ਵਿੱਚ ਹੋਈਆਂ ਆਮ ਚੋਣਾਂ ਦੌਰਾਨ ਸਿਰਸਾ-ਕਾਲਕਾ ਪਾਰਟੀ ਨੇ ਜੁਮਲੇ ਛੱਡ ਕੇ ਸੰਗਤਾਂ ਨੂੰ ਗੁੰਮਰਾਹ ਕਰਕੇ ਵੋਟਾਂ ਜ਼ਰੂਰ ਲੈ ਲਈਆਂ ਸਨ। ਪਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਪਾਏ। ਯੂਨੀਵਰਸਿਟੀ, ਮੈਡੀਕਲ ਕਾਲਜ, ਹਸਪਤਾਲ ਖੋਲ੍ਹਣ ਦੇ ਨਾਲ ਹੀ ਨੌਕਰੀਆਂ ਤੇ ਰੋਜ਼ਗਾਰ ਦਿਵਾਉਣ ਦੇ ਵਾਅਦੇ ਕੀਤੇ ਗਏ। ਪਰ ਹਕੀਕਤ ਇਹ ਹੈ ਕਿ ਪਹਿਲਾਂ ਤੋਂ ਚਲ ਰਹੇ ਅਦਾਰੇ ਵੀ ਇਨ੍ਹਾਂ ਕੋਲੋਂ ਨਹੀਂ ਚਲ ਰਹੇ। ਇਸੇ ਤਰ੍ਹਾਂ ਦਿੱਲੀ ਦੇ ਸਿੱਖਾਂ ਨੂੰ 50 ਰੁਪਏ ਮਹੀਨਾ ਫੀਸ ਬਦਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹਾਉਣ ਦਾ ਜੁਮਲਾ ਛੱਡਣ ਵਾਲੇ ਭਾਈ ਵਡਾਲਾ ਬੀਤੇ 8 ਮਹੀਨਿਆਂ ਤੋਂ ਦਿੱਲੀ ਦੀ ਸੰਗਤ ਵਿਚਾਲੇ ਨਹੀਂ ਆਏ। ਇਸ ਲਈ ਗੜ੍ਹੀ ਦੀ ਸੰਗਤ ਨੇ ਦੋਵੇਂ ਜੁਮਲੇ ਬਾਜ਼ ਧਿਰਾਂ ਨੂੰ ਰੱਦ ਕਰ ਦਿੱਤਾ।


Share