ਗ੍ਰੈਮੀ ਪੁਰਸਕਾਰ ਸਮਾਰੋਹ ’ਚ ਲਿਲੀ ਸਿੰਘ ਨੇ ਕੀਤਾ ਕਿਸਾਨ ਸਮਰਥਨ

172
Share

ਲਾਸ ਏਂਜਲਸ: ਭਾਰਤੀ-ਕੈਨੇਡੀਅਨ ਯੂ-ਟਿਊਬਰ ਅਤੇ ‘ਲੇਟ ਨਾਈ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਨੇ ਭਾਰਤ ਸਰਕਾਰ ਦੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਤੀ ਸਮਰਥਨ ਦਿਖਾਉਣ ਵਾਲਾ ਮਾਸਕ ਪਾ ਕੇ ਗ੍ਰੈਮੀ ਪੁਰਸਕਾਰ 2021 ਦੇ ਰੈਡ ਕਾਰਪੇਟ ਸਮਾਰੋਹ ਵਿਚ ਸ਼ਿਕਰਤ ਕੀਤੀ।

ਸਿੰਘ ਜੋ ਮਾਸਕ ਪਾ ਕੇ ਸਮਾਰੋਹ ਵਿਚ ਆਈ, ਉਸ ’ਤੇ ‘ਆਈ ਸਟੈਂਡ ਵਿੱਦ ਫਾਰਮਰਸ’ (ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ) ਲਿਖਿਆ ਸੀ। 32 ਸਾਲਾ ਸਿੰਘ ਨੇ ਟਵਿਟਰ ’ਤੇ ਆਪਣੀ ਇਹ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ  ਲਿਖਿਆ ਕਿ ਰੈਡ ਕਾਰਪੇਟ ਨੂੰ ਮੀਡੀਆ ਵਿਚ ਕਾਫੀ ਚੰਗੀ ਕਵਰੇਜ ਮਿਲਦੀ ਹੈ, ਇਸ ਲਈ ਇਹ ਕਿਸਾਨਾਂ ਦੇ ਪ੍ਰਤੀ ਇਕਜੁਟਤਾ ਦਿਖਾਉਣ ਦਾ ਸਹੀ ਮੌਕਾ ਸੀ। ਸਿੰਘ ਨੇ ਤਸਵੀਰ ਦਾ ਸਿਰਲੇਖ ਲਿਖਿਆ, ‘ਮੈਂ ਜਾਣਦੀ ਹਾਂ ਕਿ ਰੈਡ ਕਾਰਪੇਟ/ਪੁਰਸਕਾਰ ਸਮਾਰੋਹ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਾਰਿਤ ਕੀਤਾ ਜਾਂਦਾ ਹੈ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬੇਝਿਜਕ ਪ੍ਰਸਾਰਿਤ ਕਰੋ।’

ਇਸ ਤੋਂ ਪਹਿਲਾਂ ਉਨ੍ਹਾਂ ਨੇ ਅੰਦੋਲਨਕਾਰੀ ਭਾਰਤੀ ਕਿਸਾਨਾਂ ਦਾ ਸਮਰਥਨ ਕਰਨ ਲਈ ਪੌਪ ਸਟਾਰ ਰਿਹਾਨਾ ਦਾ ਧੰਨਵਾਦ ਕੀਤਾ ਸੀ। ਭਾਰਤੀ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 3 ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਰਿਹਾਨਾ ਨੇ ਫਰਵਰੀ ਵਿਚ ਕੀਤੇ ਟਵੀਟ ਦੇ ਬਾਅਦ ਦੁਨੀਆਭਰ ਦੀਆਂ ਕਈ ਹਸਤੀਆਂ, ਕਾਰਜਕਰਤਾਵਾਂ ਅਤੇ ਨੇਤਾਵਾਂ ਨੇ ਕਿਸਾਨਾਂ ਦੇ ਪ੍ਰਤੀ ਸਮਰਥਨ ਜਤਾਇਆ ਸੀ।

ਸਵੀਡਨ ਦੀ ਪੌਣ-ਪਾਣੀ ਵਰਕਰ ਗ੍ਰੇਟਾ ਥਨਬਰਗ, ਹਾਲੀਵੁੱਡ ਅਦਾਕਾਰਾ ਸੂਸੇਨ ਸੈਰੰਡਨ, ਅਮਰੀਕੀ ਵਕੀਲ ਅਤੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸਰਨੀ, ਗਾਇਕ ਜੇ ਸੀਨ, ਡਾ. ਜਿਊਸ ਅਤੇ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੇ ਵੀ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ।


Share