ਜਲੰਧਰ, 11 ਮਈ (ਪੰਜਾਬ ਮੇਲ)- ਗੋਲਡਨ ਸਟਾਰ ਮਲਕੀਤ ਸਿੰਘ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਦਾ ਗੀਤ ‘ਕਾਲੀ ਐਨਕ ਨਾ ਲਾਇਆ ਕਰ’ ਰਿਲੀਜ਼ ਕੀਤਾ ਗਿਆ। ਇਸ ਗਾਣੇ ਨੂੰ ਰਿਲੀਜ਼ ਕਰਨ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਗਾਇਕ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਗੀਤ ਉਵੇਂ ਹੀ ਪਸੰਦ ਆਵੇਗਾ, ਜਿਵੇਂ ਉਨ੍ਹਾਂ ਵੱਲੋਂ ਗਾਏ ਗਏ ‘ਤੂਤਕ ਤੂਤਕ ਤੂਤੀਆਂ’ ਅਤੇ ‘ਗੁੜ ਨਾਲੋਂ ਇਸ਼ਕ ਮਿੱਠਾ’ ਗੀਤ ਪਸੰਦ ਕੀਤੇ ਗਏ।
ਇਹ ਗਾਣਾ ਮਲਕੀਤ ਸਿੰਘ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ। ਇਸ ਗਾਣੇ ਨੂੰ ਮਿਊਜ਼ਿਕ ਜੇ.ਕੇ. ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਦਾ ਵੀਡੀਓ ਆਰ. ਸਵਾਮੀ ਵੱਲੋਂ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੰਗਾ ਮਿਊਜ਼ਿਕ, ਚੰਗੇ ਗੀਤ ਆਉਣਾ ਬਹੁਤ ਘੱਟ ਗਏ ਹਨ ਅਤੇ ਗੈਂਗਵਾਰ ਵਾਲੇ ਗੀਤਾਂ ਨੇ ਨੌਜਵਾਨ ਪੀੜ੍ਹੀ ‘ਤੇ ਵੀ ਮਾੜਾ ਪ੍ਰਭਾਵ ਪਾਇਆ ਹੈ। ਦਰਸ਼ਕਾਂ ਨੂੰ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੰਗੇ ਗੀਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਣਨ ਅਤੇ ਪਰਮੋਟ ਕਰਨ।
ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਉਨ੍ਹਾਂ ਦੀ ਗਾਇਕੀ ਦਾ ਸਫਰ ਸਫਲਤਾਪੂਰਵਕ ਇਸ ਲਈ ਜਾਰੀ ਹੈ ਕਿਉਂਕਿ ਉਹ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟਿਆ।