ਗੋਰੇ ਵਿਦਿਆਰਥੀ ਵੱਲੋਂ ਸਕੂਲ ‘ਚ ਭਾਰਤੀ-ਅਮਰੀਕੀ ਬੱਚੇ ਨਾਲ ਬਦਸਲੂਕੀ

46
Share

– ਗੋਰੇ ਵਿਦਿਆਰਥੀ ਨੇ ਮਰੋੜੀ ਭਾਰਤੀ-ਅਮਰੀਕੀ ਬੱਚੇ ਦੀ ਧੌਣ
-ਭਾਰਤੀ-ਅਮਰੀਕੀ ਬੱਚੇ ਨੂੰ ਸਕੂਲ ਤੋਂ 3 ਦਿਨ ਲਈ ਮੁਅੱਤਲ ਦੀ ਸਜ਼ਾ ਦਾ ਕਰਨਾ ਪਿਆ ਸਾਹਮਣਾ
ਹਿਊਸਟਨ, 18 ਮਈ (ਪੰਜਾਬ ਮੇਲ)- ਟੈਕਸਾਸ ਸੂਬੇ ਦੇ ਇਕ ਸਕੂਲ ਵਿਚ ਇਕ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਨਾ ਸਿਰਫ਼ ਇਕ ਗੋਰੇ ਅਮਰੀਕੀ ਵਿਦਿਆਰਥੀ ਦੀ ਕਥਿਤ ਦਾਦਾਗਿਰੀ ਦਾ ਸਾਹਮਣਾ ਕਰਨਾ ਪਿਆ, ਸਗੋਂ ਉਸ ਨੂੰ ਸਕੂਲ ਤੋਂ 3 ਦਿਨ ਲਈ ਮੁਅੱਤਲ ਦੀ ਸਜ਼ਾ ਦਾ ਵੀ ਸਾਹਮਣਾ ਕਰਨਾ ਪਿਆ। ਇਕ ਮੀਡੀਆ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਐੱਨ.ਬੀ.ਸੀ. 5 ਦੇ ਮੁਤਾਬਕ ਘਟਨਾ 11 ਮਈ ਨੂੰ ਟੈਕਸਾਸ ਸਥਿਤ ਕੋਪੇਲ ਮਿਡਲ ਸਕੂਲ ਨਾਰਥ ਵਿਚ ਦੁਪਹਿਰ ਦੇ ਭੋਜਨ ਦੌਰਾਨ ਵਾਪਰੀ।
ਖ਼ਬਰ ਵਿਚ ਕਿਹਾ ਗਿਆ ਕਿ ਇੰਟਰਨੈੱਟ ਦੇ ਪ੍ਰਸਾਰਿਤ ਇਕ ਵੀਡੀਓ ਵਿਚ ਦਿਸ ਰਿਹਾ ਹੈ ਕਿ ਇਕ ਮੇਜ਼ ‘ਤੇ ਬੈਠੇ ਭਾਰਤੀ-ਅਮਰੀਕੀ ਵਿਦਿਆਰਥੀ ਦੀ ਗਰਦਨ ਨੂੰ ਇਕ ਗੋਰੇ ਵਿਦਿਆਰਥੀ ਨੇ ਕਾਫ਼ੀ ਦੇਰ ਤੱਕ ਮਰੋੜ ਕੇ ਰੱਖਿਆ। ਵੀਡੀਓ ਵਿਚ ਇਕ ਗੋਰੇ ਵਿਦਿਆਰਥੀ ਨੂੰ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਆਪਣੀ ਸੀਟ ਤੋਂ ਉੱਠਣ ਲਈ ਕਹਿੰਦੇ ਹੋਏ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ। ਜਦੋਂ ਭਾਰਤੀ-ਅਮਰੀਕੀ ਵਿਦਿਆਰਥੀ ਨੇ ਇਨਕਾਰ ਕੀਤਾ, ਤਾਂ ਉਸ ਦਾ ਗਲਾ ਘੁੱਟ ਦਿੱਤਾ ਗਿਆ ਅਤੇ ਜ਼ਬਰਦਸਤੀ ਸੀਟ ਤੋਂ ਹਟਾਇਆ ਗਿਆ। ਵੀਡੀਓ ਵਿਚ ਹੋਰਾਂ ਵਿਦਿਆਰਥੀਆਂ ਨੂੰ ਹਿੰਸਾ ‘ਤੇ ਪ੍ਰਕਿਰਿਆ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ ਪਰ ਉਨ੍ਹਾਂ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਵਿਦਿਆਰਥੀ ਦੀ ਮਾਂ ਸੋਨਿਕਾ ਕੁਕਰੇਜਾ ਨੇ ਕਿਹਾ, ‘ਇਹ ਭਿਆਨਕ ਸੀ। ਮੈਂ 3 ਰਾਤਾਂ ਸੌਂ ਨਹੀਂ ਸਕੀ। ਇੰਝ ਲੱਗਾ ਜਿਵੇਂ ਮੇਰਾ ਦਮ ਘੁੱਟ ਰਿਹਾ ਹੋਵੇ। ਮੈਂ ਇਸ ਨੂੰ ਵੇਖ ਕੇ ਕਈ ਵਾਰ ਰੋਈ।’ ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਨੇ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਸਜ਼ਾ ਦਿੰਦੇ ਹੋਏ ਉਸ ਨੂੰ 3 ਦਿਨ ਲਈ ਸਕੂਲ ਤੋਂ ਮੁਅੱਤਲ ਕਰ ਦਿੱਤਾ, ਜਦੋਂਕਿ ਦਾਦਾਗਿਰੀ ਕਰਨ ਵਾਲੇ ਵਿਦਿਆਰਥੀ ਨੂੰ ਸਿਰਫ਼ 1 ਦਿਨ ਲਈ ਮੁਅੱਤਲ ਕੀਤਾ ਗਿਆ। ਕੁਕਰੇਜਾ ਨੇ ਕਿਹਾ, ‘ਮੈਂ ਆਪਣੇ ਬੱਚਿਆਂ ਦੀ ਸੁਰੱਖਿਆ ਅਤੇ ਸਕੂਲ ਬੋਰਡ ਅਤੇ ਪੁਲਸ ਵਿਭਾਗ ਦੇ ਇਸ ਮਾਮਲੇ ਵਿਚ ਕਾਰਵਾਈ ਨਾ ਕਰਨ ਨੂੰ ਲੈ ਕੇ ਗੰਭੀਰ ਰੂਪ ਨਾਲ ਪਰੇਸ਼ਨਾ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਬੱਚੇ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਵੇ। ਸਕੂਲ ਵਿਚ ਦਾਦਾਗਿਰੀ ‘ਤੇ ਰੋਕ ਲੱਗੇ।’


Share