ਗੋਆ ਸੈਸ਼ਨ ਕੋਰਟ ਵੱਲੋਂ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਨ ਤੇਜਪਾਲ ਬਲਾਤਕਾਰ ਕੇਸ ’ਚੋਂ ਬਰੀ

75
Share

ਪਣਜੀ (ਗੋਆ), 24 ਮਈ (ਪੰਜਾਬ ਮੇਲ)- ਬਲਾਤਕਾਰ ਕੇਸ ’ਚ ਫਸੇ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਨ ਤੇਜਪਾਲ ਨੂੰ ਵੱਡੀ ਰਾਹਤ ਦਿੰਦੇ ਹੋਏ ਗੋਆ ਸੈਸ਼ਨ ਕੋਰਟ ਨੇ ਸਾਢੇ 7 ਸਾਲ ਬਾਅਦ ਸਾਰੇ ਦੋਸ਼ਾਂ ’ਚੋਂ ਬਰੀ ਕਰ ਦਿੱਤਾ ਹੈ।
ਤੇਜਪਾਲ ’ਤੇ ਤਹਿਲਕਾ ਮੈਗਜ਼ੀਨ ਦੀ ਇੱਕ ਮਹਿਲਾ ਕਰਮਚਾਰੀ ਨੇ ਗੋਆ ਦੇ ਗਰੈਂਡ ਹਯਾਤ ਹੋਟਲ ਦੀ ਲਿਫ਼ਟ ’ਚ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਹ ਕੇਸ ਗੋਆ ਦੇ ਮਾਪੁਸਾ ਦੀ ਸੈਸ਼ਨ ਕੋਰਟ ਵਿਚ ਚੱਲ ਰਿਹਾ ਸੀ। ਐਡੀਸ਼ਨਲ ਜੱਜ ਸ਼ਮਾ ਜੋਸ਼ੀ ਨੇ ਇਸ ਸਾਢੇ 7 ਸਾਲ ਪੁਰਾਣੇ ਕੇਸ ਵਿਚ ਪਿਛਲੇ ਮਹੀਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਤੇਜਪਾਲ ਦੇ ਕਹਿਣ ’ਤੇ ਕੇਸ ਦੀ ਸੁਣਵਾਈ ਬੰਦ ਕਮਰੇ ’ਚ ਕੀਤੀ ਗਈ। ਇਸ ਮਾਮਲੇ ’ਚ ਗੋਆ ਪੁਲਿਸ ਦਾ ਪੱਖ ਜਿੱਥੇ ਸਪੈਸ਼ਲ ਪਬਲਿਕ ਪ੍ਰੋਸਕਿਊਟਰ ਫਰਾਂਸਿਸਕੋ ਤਵੋਰਾ ਨੇ ਰੱਖਿਆ, ਉੱਥੇ ਵਕੀਲ ਰਾਜੀਵ ਗੋਮਜ ਅਤੇ ਆਮਿਰ ਖਾਨ ਨੇ ਕੋਰਟ ਵਿਚ ਤੇਜਪਾਲ ਦਾ ਕੇਸ ਲੜਿਆ। ਤੇਜਪਾਲ ਵਿਰੁੱਧ ਬਲਾਤਕਾਰ ਦੇ ਮਾਮਲੇ ਵਿਚ ਕੋਰਟ 27 ਅਪ੍ਰੈਲ ਨੂੰ ਫ਼ੈਸਲਾ ਸੁਣਾਉਣ ਵਾਲੀ ਸੀ, ਪਰ ਜੱਜ ਸ਼ਮਾ ਜੋਸ਼ੀ ਨੇ ਫ਼ੈਸਲਾ 12 ਮਈ ਤੱਕ ਮੁਲਤਵੀ ਕਰ ਦਿੱਤਾ ਸੀ। ਫਿਰ 12 ਮਈ ਨੂੰ ਫੈਸਲਾ 19 ਮਈ ਤੱਕ ਲਈ ਟਾਲ਼ ਦਿੱਤਾ ਗਿਆ ਸੀ। ਇਸ ਤੋਂ ਬਾਅਦ ਫਿਰ ਦੋ ਦਿਨ ਟਾਲ਼ਦੇ ਹੋਏ 21 ਮਈ ਨੂੰ ਇਸ ਕੇਸ ਦਾ ਫ਼ੈਸਲਾ ਸੁਣਾਇਆ ਗਿਆ। ਕੋਰਟ ਦਾ ਕਹਿਣਾ ਸੀ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਟਾਫ਼ ਦੀ ਕਮੀ ਹੋਣ ਕਾਰਨ ਇਹ ਫ਼ੈਸਲਾ ਕਈ ਦਿਨ ਲੇਟ ਸੁਣਾਇਆ ਗਿਆ।
2013 ਵਿਚ ਤੇਜਪਾਲ ਦੇ ਨਾਲ ਕੰਮ ਕਰਨ ਵਾਲੀ ਇੱਕ ਜੂਨੀਅਰ ਪੱਤਰਕਾਰ ਨੇ ਉਨ੍ਹਾਂ ’ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। 30 ਨਵੰਬਰ 2013 ਨੂੰ ਤੇਜਪਾਲ ਦੀ ਗਿ੍ਰਫ਼ਤਾਰੀ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਗਾਊਂ ਜ਼ਮਾਨਤ ਲਈ ਅਪੀਲ ਵੀ ਕੀਤੀ ਸੀ, ਪਰ ਕੋਰਟ ਨੇ ਉਨ੍ਹਾਂ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਈ 2014 ਤੋਂ ਤੇਜਪਾਲ ਜ਼ਮਾਨਤ ’ਤੇ ਸੀ।

Share