ਗੈਸ ਸਟੇਸ਼ਨ ਦੇ ਬਾਹਰ ਪੰਜਾਬੀ ਕੁੜੀ ਦਾ ਗੋਲੀਆਂ ਮਾਰ ਕੇ ਕਤਲ

28

ਮਿਸੀਸਾਗਾ, 5 ਦਸੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਬੀਤੇ ਵੀਕਐਂਡ ਨੂੰ ਮਿਸੀਸਾਗਾ ਦੇ ਗੈਸ ਸਟੇਸ਼ਨ ਉੱਤੇ ਜਿਸ 21 ਸਾਲਾ ਲੜਕੀ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਉਸ ਦੀ ਪਛਾਣ ਪੁਲਿਸ ਵੱਲੋਂ ਕਰ ਲਈ ਗਈ ਹੈ।
ਸ਼ਨਿਚਰਵਾਰ ਰਾਤੀਂ 10:40 ਉੱਤੇ ਜਾਂਚਕਾਰਾਂ ਨੂੰ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ਇਲਾਕੇ ਵਿੱਚ ਸਥਿਤ ਪੈਟਰੋ ਕੈਨੇਡਾ ਉੱਤੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਲੜਕੀ ਨੂੰ ਗੈਸ ਸਟੇਸ਼ਨ ਦੇ ਬਾਹਰ ਕਈ ਗੋਲੀਆਂ ਮਾਰੀਆਂ ਗਈਆਂ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਬਰੈਂਪਟਨ ਦੀ ਪਵਨਪ੍ਰੀਤ ਕੌਰ ਵਜੋਂ ਹੋਈ ਹੈ।
ਬਾਅਦ ਵਿੱਚ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪਵਨਪ੍ਰੀਤ ਕੌਰ ਗੈਸ ਸਟੇਸ਼ਨ ਉੱਤੇ ਕੰਮ ਕਰਦੀ ਸੀ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਘਾਤਕ ਸੂ਼ਟਿੰਗ ਪਿੱਛੇ ਕੀ ਕਾਰਨ ਸੀ। ਜਾਂਚਕਾਰਾਂ ਅਨੁਸਾਰ ਇਹ ਸ਼ੂਟਿੰਗ ਲੜਕੀ ਨੂੰ ਨਿਸ਼ਾਨਾ ਬਣਾਉਣ ਲਈ ਹੀ ਕੀਤੀ ਗਈ। ਪੁਲਿਸ ਵੱਲੋਂ ਮਸ਼ਕੂਕ ਹਮਲਾਵਰ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਗੋਲੀਆਂ ਮਾਰਨ ਮਗਰੋਂ ਉਹ ਪੈਦਲ ਹੀ ਉਥੋਂ ਨਿਕਲ ਗਿਆ। ਪੁਲਿਸ ਮੁਤਾਬਕ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ। ਇਹ ਘਟਨਾ ਅਜਿਹੇ ਮੌਕੇ ਹੋਈ ਹੈ, ਜਦੋਂ ਅਜੇ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ 18 ਸਾਲਾ ਸਿੱਖ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਸਰੀ ਦੇ ਹਾਈ ਸਕੂਲ ਵਿਚਲੀ ਪਾਰਕਿੰਗ ‘ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।