ਗੈਪ ਇਨਕਾਰਪੋਰੇਸ਼ਨ ਵੱਲੋਂ ਟੋਰਾਂਟੋ, ਪੀਲ ਤੇ ਮੈਨੀਟੋਬਾ ‘ਚ ਸਟੋਰ ਬੰਦ ਕਰਨ ਦਾ ਐਲਾਨ

495
Share

ਟੋਰਾਂਟੋ, 26 ਨਵੰਬਰ (ਪੰਜਾਬ ਮੇਲ)-ਗੈਪ ਇਨਕਾਰਪੋਰੇਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਟੋਰਾਂਟੋ ਤੇ ਪੀਲ ਸਥਿਤ ਆਪਣੇ ਸਟੋਰਜ਼ ਦੇ ਨਾਲ-ਨਾਲ ਆਪਣੀਆਂ ਸਹਾਇਕ ਓਲਡ ਨੇਵੀ ਤੇ ਬਨਾਨਾ ਰਿਪਬਲਿਕ ਲੋਕੇਸ਼ਨਜ਼ ਵੀ ਬੰਦ ਕਰਨ ਜਾ ਰਹੀ ਹੈ।
ਪ੍ਰੋਵਿੰਸ਼ੀਅਲ ਲਾਕਡਾਊਨ ਦੇ ਬਾਵਜੂਦ ਇਹ ਸਟੋਰ ਬੁੱਧਵਾਰ ਨੂੰ ਕੰਮਕਾਜ ਲਈ ਖੁੱਲ੍ਹੇ ਸਨ ਪਰ ਕੰਪਨੀ ਨੇ ਦੱਸਿਆ ਕਿ ਹੁਣ ਇਨ੍ਹਾਂ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਗੈਪ ਦੇ ਇਕ ਬੁਲਾਰੇ ਨੇ ਈਮੇਲ ਰਾਹੀਂ ਦੱਸਿਆ ਕਿ ਸਾਡੇ ਸਟੋਰਜ਼ ਉੱਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.), ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਅਮਰੀਕਾ ਵਿਚ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ. ਡੀ. ਸੀ.) ਅਤੇ ਰਿਟੇਲ ਕਾਊਂਸਿਲ ਆਫ ਕੈਨੇਡਾ (ਆਰ. ਸੀ. ਸੀ.) ਦੀਆਂ ਕੋਵਿਡ-19 ਸਿਫਾਰਸ਼ਾਂ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਹੈਲਥ ਤੇ ਸੇਫਟੀ ਮਾਪਦੰਡ ਲਾਗੂ ਕੀਤੇ ਗਏ ਹਨ।
ਇਸ ਤੋਂ ਇਲਾਵਾ ਅਸੀਂ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖਦੇ ਹੋਏ ਆਪਣੇ ਕੰਮ ਵਾਲੇ ਘੰਟਿਆਂ ਨੂੰ ਵੀ ਉਸ ਲਿਹਾਜ਼ ਨਾਲ ਐਡਜਸਟ ਕਰ ਰਹੇ ਹਾਂ। ਪਰ ਇਸ ਸਮੇਂ ਅਸੀਂ ਟੋਰਾਂਟੋ, ਪੀਲ ਤੇ ਮੈਨੀਟੋਬਾ ਸਥਿਤ ਆਪਣੇ ਸਟੋਰਜ਼ ਨੂੰ ਆਰਜ਼ੀ ਤੌਰ ਉੱਤੇ ਬੰਦ ਕਰਨ ਜਾ ਰਹੇ ਹਾਂ। ਅਸੀਂ ਢੁਕਵੇਂ ਸਮੇਂ ਉੱਤੇ ਜਿੰਨਾ ਸੰਭਵ ਹੋ ਸਕੇਗਾ ਆਪਣੇ ਸਟੋਰਜ਼ ਖੋਲ੍ਹਾਂਗੇ ਤੇ ਆਪਣੇ ਕਸਟਮਰਜ਼ ਦਾ ਮੁੜ ਸਵਾਗਤ ਕਰਾਂਗੇ।


Share