ਗੈਂਗਸਟਰ ਲਖਬੀਰ ਲੰਡਾ ਵੱਲੋਂ ਕੈਨੇਡਾ ਤੋਂ ਪੰਜਾਬ ਵਾਸੀ ਤੋਂ ਧਮਕੀਆਂ ਦੇ ਕੇ ਫ਼ਿਰੌਤੀ ਦੀ ਮੰਗ; ਕੇਸ ਦਰਜ

141
Share

ਤਰਨ ਤਾਰਨ, 29 ਮਾਰਚ (ਪੰਜਾਬ ਮੇਲ)- ਅੰਤਰਰਾਸ਼ਟਰੀ ਪੱਧਰ ਦੇ ਗੈਂਗਸਸਟਰ ਲਖਬੀਰ ਸਿੰਘ ਲੰਡਾ ਵਲੋਂ ਇਲਾਕੇ ਦੇ ਕਾਰੋਬਾਰੀਆਂ ਨੂੰ ਕੈਨੇਡਾ ਤੋਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਫ਼ਿਰੌਤੀ ਦੀ ਮੰਗ ਕਰਨ ਦੀਆਂ ਵਾਰਦਾਤਾਂ ਜਾਰੀ ਹਨ। ਜ਼ਿਲ੍ਹਾ ਪੁਲਿਸ ਲੋਕਾਂ ਨੂੰ ਇਸ ਖੌਫ਼ ਤੋਂ ਨਿਜਾਤ ਦਿਲਵਾਉਣ ਤੋਂ ਅਸਫ਼ਲ ਹੈ। ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲਿਸ ਨੇ ਸ਼ਹਿਰ ਦੀ ਮਾਸਟਰ ਕਲੋਨੀ ਦੇ ਵਾਸੀ ਗੁਰਦਿਆਲ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਧਾਰਾ 387 ਅਧੀਨ ਕੇਸ ਦਰਜ ਕੀਤਾ ਹੈ। ਲੰਡਾ ਖ਼ਿਲਾਫ਼ ਅੱਜ ਤੱਕ 20 ਤੋਂ ਵੀ ਜ਼ਿਆਦਾ ਸੰਗੀਨ ਅਪਰਾਧਾਂ ਦੇ ਕੇਸ ਦਰਜ ਕੀਤੇ ਜਾ ਚੁੱਕੇ ਹਨ। ਉਹ ਪਿਛਲੇ ਸਾਲ ਪੱਟੀ ਅੰਦਰ ਦੋ ਅਕਾਲੀ ਵਰਕਰਾਂ ਦੇ ਕਤਲ ਪਿੱਛੇ ਵੀ ਸੀ। ਪ੍ਰੋਡਿਊਸਰ ਦੇ ਤੌਰ ’ਤੇ ਮਸ਼ਹੂਰ ਤਰਨ ਤਾਰਨ ਵਾਸੀ ਗੁਰਦਿਆਲ ਸਿੰਘ ਸਿੱਧੂ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਲਖਬੀਰ ਸਿੰਘ ਲੰਡਾ ਵਲੋਂ ਉਸ ਨੂੰ ਵੱਖ-ਵੱਖ ਮੋਬਾਈਲਾਂ ਤੋਂ ਕਰੀਬ 6 ਮਹੀਨਿਆਂ ਵਿਚ ਕਈ ਵਾਰ ਵਟਸਐਪ ਮੈਸੇਜ ਅਤੇ ਵਾਈਸ ਕਾਲਾਂ ਭੇਜ ਕੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ ਅਤੇ ਨਾ ਦੇਣ ਤੇ ਉਸ ਦੇ ਸਾਰੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਹੈ। ਹਰੀਕੇ ਦਾ ਵਾਸੀ ਗੈਂਗਸਟਰ ਲਖਬੀਰ ਸਿੰਘ ਲੰਡਾ ਕਈ ਸੰਗੀਨ ਵਾਰਦਾਤਾਂ ਕਰਕੇ ਪੁਲਿਸ ਅਤੇ ਖੁਫੀਆਂ ਏਜੰਸੀਆਂ ਨੂੰ ਚਕਮਾ ਦੇ ਕੇ ਕੈਨੇਡਾ ਭੱਜਣ ਵਿਚ ਸਫਲ ਰਿਹਾ ਸੀ। ਉਹ ਉਥੇ ਵੱਖ-ਵੱਖ ਦੇਸ਼ਾਂ ਦੇ ਗੈਂਗਸਟਰਾਂ ਦਾ ਸਰਗਨਾ ਬਣਕੇ ਵੱਡੀਆਂ ਫਿਰੌਤੀਆਂ ਦੀ ਮੰਗ ਕਰਨ ਦਾ ਗੈਰਕਾਨੂੰਨੀ ਧੰਦਾ ਕਰਦਾ ਆ ਰਿਹਾ ਹੈ। ਉਸ ਨੇ ਵਿਦੇਸ਼ੀ ਬੈਂਕਾਂ ਵਿਚ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਹੋਏ ਹਨ। ਸਥਾਨਕ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਭਾਰਤ ਲੈ ਕੇ ਆਉਣ ਦੀ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ।

Share