ਗੂਗਲ ਤੇ ਮਾਈਕੋ੍ਰਸਾਫਟ ਵੀ ਕਰੋਨਾ ਮਹਾਂਮਾਰੀ ਖਿਲਾਫ ਭਾਰਤ ਦੀ ਮਦਦ ਲਈ ਡਟੇ

82
Share

-ਗੂਗਲ ਵੱਲੋਂ 135 ਕਰੋੜ ਰਾਹਤ ਫੰਡ ਦਾ ਐਲਾਨ
ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਮੇਲ)- ਭਾਰਤ ’ਚ ਕੋਵਿਡ-19 ਦੀ ਦੂਜੀ ਖੌਫਨਾਕ ਲਹਿਰ ਅਤੇ ਲਗਾਤਾਰ ਵਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚਕਾਰ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਜਿਹੀ ਸਥਿਤੀ ਦਰਮਿਆਨ ਹੁਣ ਵਿਦੇਸ਼ਾਂ ਨੇ ਭਾਰਤ ਦੀ ਮਦਦ ਲਈ ਹੱਥ ਵਧਾਇਆ ਹੈ। ਹੁਣ ਗੂਗਲ ਕੰਪਨੀ ਦੇ ਸੀ.ਈ.ਓ. ਅਤੇ ਭਾਰਤੀ ਮੂਲ ਸੁੰਦਰ ਪਿਚਾਈ ਨੇ ਦੇਸ਼ ਦੀ ਮਦਦ ਲਈ 135 ਕਰੋੜ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਸੁੰਦਰ ਪਿਚਾਈ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਸੁੰਦਰ ਪਿਚਾਈ ਦੇ ਟਵੀਟ ਮੁਤਾਬਕ, ‘ਭਾਰਤ ਵਿਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਗੂਗਲ ਨੇ 135 ਕਰੋੜ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ। ਇਹ ਫੰਡ ‘Give India’ ਅਤੇ ਯੂਨੀਸੈਫ ਦੇ ਜ਼ਰੀਏ ਭਾਰਤ ਨੂੰ ਜਾਰੀ ਕੀਤਾ ਜਾਵੇਗਾ।’
Give India ਨੂੰ ਦਿੱਤੇ ਗਏ ਫੰਡ ਨਾਲ ਉਨ੍ਹਾਂ ਲੋਕਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇਗੀ, ਜਿਹੜੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ, ਤਾਂ ਜੋ ਉਹ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਨੂੰ ਪੂਰਾ ਕਰ ਸਕਣ। ਇਸ ਤੋਂ ਬਾਅਦ ਯੂਨੀਸੈਫ ਦੇ ਜ਼ਰੀਏ ਆਕਸੀਜਨ ਅਤੇ ਟੈਸਟਿੰਗ ਸਾਜ਼ੋ ਸਮਾਨ ਸਮੇਤ ਹੋਰ ਮੈਡੀਕਲ ਸਪਲਾਈ ਦਿੱਤੀ ਜਾਵੇਗੀ। ਦੂਜੇ ਪਾਸੇ ਗੂਗਲ ਦੇ ਮੁਲਾਜ਼ਮ ਵੀ ਚੰਦਾ (ਫੰਡ) ਇਕੱਠਾ ਕਰਨ ਲਈ ਮੁਹਿੰਮ ਚਲਾ ਰਹੇ ਹਨ। ਹੁਣ ਤੱਕ 900 ਗੂਗਲ ਮੁਲਾਜ਼ਮਾਂ ਨੇ 3.7 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ।
ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦੇ ਸੀ.ਈ.ਓ. ਨਡੇਲਾ ਨੇ ਵੀ ਮਦਦ ਲਈ ਟਵੀਟ ਕਰਕੇ ਕਿਹਾ, ‘ਭਾਰਤ ਦੀ ਵਰਤਮਾਨ ਸਥਿਤੀ ਕਾਰਨ ਦੁਖੀ ਹਾਂ। ਮੈਂ ਧੰਨਵਾਦੀ ਹਾਂ ਕਿ ਅਮਰੀਕੀ ਸਰਕਾਰ ਮਦਦ ਲਈ ਤਿਆਰ ਹੋ ਗਈ ਹੈ। ਮਾਈਕ੍ਰੋਸਾਫਟ ਰਾਹਤ ਕਾਰਜਾਂ ਦੀਆਂ ਕੋਸ਼ਿਸ਼ਾਂ ’ਚ ਸਹਾਇਤਾ ਲਈ ਆਪਣੀ ਆਵਾਜ਼, ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨਾ ਜਾਰੀ ਰੱਖੇਗਾ। ਕਿ੍ਰਟਿਕਲ ਆਕਸੀਜਨ ਕੰਸਨਟ੍ਰੇਸ਼ਨ ਡਿਵਾਈਸ ਖ਼ਰੀਦਣ ਲਈ ਸਹਾਇਤਾ ਕਰੇਗੀ।’
ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਲਾਗ ਕਾਰਨ ਰਿਕਾਰਡਤੋੜ ਵੱਡੀ ਗਿਣਤੀ ’ਚ ਨਵੇਂ ਮਾਮਲੇ ਸਾਹਮਣੇ ਆਏ ਹਨ।

Share