ਗੂਗਲ ਕੰਪਨੀ ਵੱਲੋਂ ਫੇਕ ਨਿਊਜ਼ ਵਾਲੇ ਚੀਨ ਦੇ 3 ਹਜ਼ਾਰ ਯੂ ਟਿਊਬ ਚੈਨਲ ਬੰਦ

646
Share

ਵਾਸ਼ਿੰਗਟਨ, 19 ਅਕਤੂਬਰ (ਪੰਜਾਬ ਮੇਲ)- ਚੀਨ ਦੁਨੀਆ ਭਰ ‘ਚ ਸੋਸ਼ਲ ਮੀਡੀਆ ਰਾਹੀਂ ਝੂਠ ਫੈਲਾ ਰਿਹਾ ਹੈ। ਇਸ ਦਾ ਖੁਲਾਸਾ ਗੂਗਲ ਕੰਪਨੀ ਨੇ ਕਰਦੇ ਹੋਏ ਫੇਕ ਨਿਊਜ਼ ਵਾਲੇ ਚੀਨ ਦੇ ਤਿੰਨ ਹਜ਼ਾਰ ਯੂ ਟਿਊਬ ਚੈਨਲ ਬੰਦ ਕਰ ਦਿੱਤੇ ਹਨ। ਯੂ ਟਿਊਬ ਉੱਤੇ ਪਾਏ ਗਏ ਵੀਡੀਓ ਦੇ ਲਿੰਕ ਟਵਿੱਟਰ ਉੱਤੇ ਵੀ ਸ਼ੇਅਰ ਕੀਤੇ ਜਾ ਰਹੇ ਸਨ।
ਵਰਨਣਯੋਗ ਹੈ ਕਿ ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਨੇੜੇ ਹੈ ਅਤੇ ਇਸ ਸੰਬੰਧ ਵਿਚ ਇਨ੍ਹਾਂ ਦਾ ਫੜਿਆ ਜਾਣਾ ਮਹੱਤਵਪੂਰਨ ਹੈ। ਗੂਗਲ ਨੇ ਇਨ੍ਹਾਂ ਚੈਨਲਾਂ ਦੇ ਨਾਵਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਯੂ ਟਿਊਬ ਚੈਨਲਾਂ ਉੱਤੇ ਗੂਗਲ ਦੀ ਕਾਫੀ ਸਮੇਂ ਤੋਂ ਨਜ਼ਰ ਸੀ। ਇਨ੍ਹਾਂ ਅਕਾਊਂਟਸ ‘ਤੇ ਕਾਰਵਾਈ ਜੁਲਾਈ ਤੋਂ ਸਤੰਬਰ ਵਿਚਕਾਰ ਕੀਤੀ ਗਈ। ਇਸ ਬਾਰੇ ਗੂਗਲ ਦਾ ਕਹਿਣਾ ਹੈ ਕਿ ਯੂ ਟਿਊਬ ਚੈਨਲਾਂ ਉਤੇ ਪਾਏ ਵੀਡੀਓ ਦੀ ਪਹੁੰਚ ਬਹੁਤ ਸੀਮਤ ਸੀ ਅਤੇ ਜ਼ਿਆਦਾਤਰ 10 ਤੋਂ ਵੱਧ ਵਾਰ ਹੀ ਦੇਖੇ ਗਏ ਸਨ। ਇਨ੍ਹਾਂ ‘ਤੇ ਪਾਈ ਜਾਣ ਵਾਲੀ ਬਹੁਤੀ ਸਮੱਗਰੀ ਝੂਠੀ ਹੈ। ਅਸੀਂ ਜਦੋਂ ਇਨ੍ਹਾਂ ਵੀਡੀਓ ਨੂੰ ਦੇਖਣ ਵਾਲਿਆਂ ਦੇ ਅਕਾਊਂਟ ਦੀ ਜਾਂਚ ਕੀਤੀ, ਤਾਂ ਉਹ ਵੀ ਫਰਜ਼ੀ ਨਿਕਲੇ। ਏਨੀ ਵੱਡੀ ਗਿਣਤੀ ਵਿਚ ਚੱਲ ਰਹੇ ਯੂ ਟਿਊਬ ਚੈਨਲਾਂ ਦਾ ਮਕਸਦ ਕੀ ਸੀ, ਅਜੇ ਇਹ ਪੂਰੀ ਤਰ੍ਹਾਂ ਸਾਫ ਨਹੀਂ ਹੋਇਆ।
ਇਨ੍ਹਾਂ ਚੈਨਲਾਂ ‘ਤੇ ਜਾਨਵਰ, ਸੰਗੀਤ, ਖੇਡ ਦੇ ਨਾਲ ਦੁਨੀਆਂ ਵਿਚ ਚੱਲ ਰਹੇ ਘਟਨਾਕ੍ਰਮ ਅਤੇ ਕੋਵਿਡ 19 ਦੇ ਬਾਰੇ ਪਾਏ ਗਏ ਵੀਡੀਓ ਚੀਨੀ ਭਾਸ਼ਾ ਅਤੇ ਸਬ ਟਾਈਟਲ ਅੰਗਰੇਜ਼ੀ ਵਿਚ ਹਨ। ਇਨ੍ਹਾਂ ਵੀਡੀਓ ਦੀ ਪਹੁੰਚ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ ‘ਤੇ ਵੀ ਬਣੀ ਹੋਈ ਸੀ।
ਵਰਨਣਯੋਗ ਹੈ ਕਿ ਬੀਤੇ ਜੂਨ ਵਿਚ ਗੂਗਲ ਨੇ ਜੋਅ ਬਾਇਡਨ ਅਤੇ ਟਰੰਪ ਦੀ ਮੁਹਿੰਮ ਨਾਲ ਸਬੰਧਤ ਈ ਮੇਲ ਵਿਚ ਸੰਨ੍ਹ ਲਾਉਣ ਦੇ ਕੇਸ ਫੜੇ ਸਨ। ਗੂਗਲ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਨੂੰ ਦੇਖਦੇ ਹੋਏ ਅਜਿਹੀਆਂ ਸਾਰੀਆਂ ਨੁਕਸਾਨ ਪਹੁੰਚਾਉਣ ਵਾਲੀਆਂ ਸਰਗਰਮੀਆਂ ‘ਤੇ ਸਾਡੀਆਂ ਨਜ਼ਰ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਚੀਨ ਅਤੇ ਉਤਰੀ ਕੋਰੀਆ ਦੇ ਗਰੁੱਪ ਚਲਾ ਰਹੇ ਹਨ। ਇਸ ਤੋਂ ਪਹਿਲਾਂ ਦੂਜੇ ਦੇਸ਼ਾਂ ਵਿਚ ਕੋਰੋਨਾ ਨੂੰ ਲੈ ਕੇ ਬਣ ਰਹੀ ਵੈਕਸੀਨ ਦੀ ਖੋਜ, ਦਵਾਈ ਕੰਪਨੀਆਂ ਦੇ ਕੰਪਿਊਟਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Share