ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਅਮਰੀਕਨ-ਕੈਨੇਡੀਅਨ ਪੰਜਾਬੀ ਕਵੀ ਦਰਬਾਰ

490
Share

ਸਰੀ, 10 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੇ ਸਹਿਯੋਗ ਨਾਲ ਅਮਰੀਕਨ-ਕੈਨੇਡੀਅਨ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ (ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ) ਨੇ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ.ਪ. ਸਿੰਘ (ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ) ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਨੇ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਪਰਵਾਸੀ ਪੰਜਾਬੀ ਸਾਹਿਤ ਨੂੰ ਸਮਝਣਾ ਹੈ, ਤਾਂ ਉਸ ਨੂੰ ਵੱਖ-ਵੱਖ ਭੂਗੋਲਿਕ ਖੰਡਾਂ ’ਚ ਰੱਖ ਕੇ ਵਿਚਾਰਨਾ ਪਵੇਗਾ ਕਿਉਂਕਿ ਹਰ ਖਿੱਤੇ ਦੀਆਂ ਆਪਣੀਆਂ ਭੂਗੋਲਿਕ, ਸਮਾਜਿਕ, ਸੱਭਿਆਚਾਰਕ ਬਣਤਰਾਂ ਹਨ। ਉਪਰੰਤ ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੇ ਕੋਆਰਡੀਨੇਟਰ ਕੁਲਵਿੰਦਰ ਖਹਿਰਾ ਨੇ ਵੀ ਆਪਣੇ ਸਵਾਗਤੀ ਸ਼ਬਦਾਂ ਰਾਹੀਂ ਕਿਹਾ ਕਿ ਸਾਡੀ ਸੰਸਥਾ ਭਵਿੱਖ ਵਿਚ ਪਰਵਾਸੀ ਕੇਂਦਰ ਨਾਲ ਮਿਲ ਕੇ ਅਜਿਹੀਆਂ ਸਾਹਿਤਕ ਸਰਗਰਮੀਆਂ ਉਲੀਕਦੀ ਰਹੇਗੀ। ਡਾ. ਭੁਪਿੰਦਰ ਸਿੰਘ (ਮੁਖੀ ਪੰਜਾਬੀ ਵਿਭਾਗ) ਨੇ ਕਾਲਜ ਦੇ ਮਾਣਮੱਤੇ ਇਤਿਹਾਸ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕਰਵਾਈਆਂ ਜਾਂਦੀਆਂ ਸਾਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਅੱਜ ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ ਵਿਚ ਵਿਸ਼ਵ ਵਿਆਪੀ ਪੱਧਰ ’ਤੇ ਬਦਲਾਅ ਹੋ ਰਹੇ ਹਨ ਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਵੀ ਇਨ੍ਹਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੇ ਅਨੁਸਾਰ ਹੀ ਸਮਝਣਾ ਪਵੇਗਾ।
ਅਮਰੀਕਾ ਤੋਂ ਪੰਜਾਬੀ ਕਵੀ ਤੇ ਚਿੰਤਕ ਰਵਿੰਦਰ ਸਹਿਰਾਅ ਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਵੀ ਦਰਬਾਰ ’ਚ ਡਾ. ਸ਼ਸ਼ੀਕਾਂਤ ਉੱਪਲ (ਨਿਊਯਾਰਕ), ਨਕਸ਼ਦੀਪ ਪੰਜਕੋਹਾ (ਕੈਲੀਫੋਰਨੀਆ), ਸੁਰਜੀਤ ਕੌਰ (ਕੈਨੇਡਾ), ਪ੍ਰੋ. ਜਗੀਰ ਸਿੰਘ ਕਾਹਲੋਂ, ਪਰਮਜੀਤ ਕੌਰ ਦਿਓਲ, ਭੁਪਿੰਦਰ ਦੂਲੇ, ਪਿਆਰਾ ਸਿੰਘ ਕੁੱਦੋਵਾਲ, ਸੁਰਿੰਦਰ ਸਿੰਘ ਸੁੰਨੜ (ਕੈਲੀਫੋਰਨੀਆ), ਬਮਲਜੀਤ ਕੌਰ ਮਾਨ (ਕੈਨੇਡਾ), ਪਰਵਿੰਦਰ ਗੋਗੀ, ਲਵੀਨ ਗਿੱਲ (ਮਿਸੀਸਾਗਾ), ਹਰਪ੍ਰੀਤ ਕੌਰ ਧੂਤ (ਸਟਾਕਟਨ) ਅਤੇ ਰੋਮੀ ਬੈਂਸ (ਰਿਚਮੰਡ) ਨੇ ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ।
ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਬਰਤਾਨੀਆ ਮਗਰੋਂ ਅਮਰੀਕਾ ਤੇ ਕੈਨੇਡਾ ਪੰਜਾਬੀ ਸਾਹਿਤ ਸਿਰਜਣਾ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਸਾਹਿਤਕ ਸਰਗਰਮੀਆਂ, ਜਿਨ੍ਹਾਂ ਵਿਚ ਕਰਵਾਏ ਜਾ ਰਹੇ ਲੜੀਵਾਰ ਵੈਬੀਨਾਰ ਤੇ ਤ੍ਰੈ-ਮਾਸਿਕ ਪੱਤਿ੍ਰਕਾ ‘‘ਪਰਵਾਸ’’ ਵੀ ਹੈ, ਇਹ ਤਾਂ ਹੀ ਸਫਲਤਾਪੂਰਵਕ ਚੱਲ ਸਕਦੇ ਹਨ, ਜੇਕਰ ਵੱਖ-ਵੱਖ ਮੁਲਕਾਂ ਦੀਆਂ ਸਾਹਿਤਕ ਸਭਾਵਾਂ ਤੇ ਪਰਵਾਸੀ ਲੇਖਕ ਸਾਨੂੰ ਸਹਿਯੋਗ ਦੇਣ। ਉਨ੍ਹਾਂ ਨੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਕੇਂਦਰ ਨੂੰ ਭੇਜਣ।
ਪ੍ਰੋ. ਸ਼ਰਨਜੀਤ ਕੌਰ ਨੇ ਇਸ ਸੈਮੀਨਾਰ ਦਾ ਸੰਚਾਲਣ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਭੁਪਿੰਦਰ ਸਿੰਘ (ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ), ਡਾ. ਗੁਰਪ੍ਰੀਤ ਸਿੰਘ,¿; ਡਾ. ਹਰਪ੍ਰੀਤ ਸਿੰਘ ਦੂਆ ਤੇ ਡਾ. ਤਜਿੰਦਰ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

Share