ਗੁਰਬਾਣੀ ਦੇ ਪ੍ਰਸਿੱਧ ਸੰਗੀਤਕਾਰ ਅਤੇ ਵਿਦਵਾਨ ਭਾਈ ਬਲਦੀਪ ਸਿੰਘ ਨਾਲ ਰੂਬਰੂ

82
Share

ਸਰੀ, 9 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਗੁਰਬਾਣੀ ਕੀਰਤਨ ਨੂੰ ਸਮਰਪਿਤ, ਅਨਾਦਿ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸੰਗੀਤਕਾਰ ਭਾਈ ਬਲਦੀਪ ਸਿੰਘ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਭਾਈ ਬਲਦੀਪ ਸਿੰਘ ਨੇ ਪ੍ਰਮਾਣਿਕ, ਗੁਰੂ ਕਾਲ ਦੇ ਪ੍ਰੰਪਰਾਗਤ ਤੰਤੀਸਾਜ਼ਾਂ ਦੀ ਖੋਜ ਅਤੇ ਇਨ੍ਹਾਂ ਸਾਜ਼ਾਂ ਨੂੰ ਪੁਨਰ ਸੁਰਜੀਤ ਕਰਨ ਦਾ ਆਪਣਾ ਸਫ਼ਰ ਬਿਆਨ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਉਨ੍ਹਾਂ ਭਾਈ ਬਲਦੀਪ ਸਿੰਘ ਨਾਲ 30 ਸਾਲ ਪੁਰਾਣੀਆਂ ਯਾਦਾਂ ਸੰਖੇਪ ਵਿਚ ਸਾਂਝੀਆਂ ਕੀਤੀਆਂ। ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਨੇ ਭਾਈ ਬਲਦੀਪ ਸਿੰਘ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਭਾਈ ਬਲਦੀਪ ਸਿੰਘ ਗੁਰਬਾਣੀ ਸੰਗੀਤ ਵਿਚ ਇੱਕ ਮਹਾਨ ਨਾਮ ਹੈ। ਉਹ ਸ਼ਾਸਤਰੀ ਅਤੇ ਸਮਕਾਲੀ ਭਾਰਤੀ ਸੰਗੀਤ, ਖਾਸ ਕਰਕੇ ਗੁਰਬਾਣੀ ਸੰਗੀਤ ਦਾ ਇੱਕ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਵਿਦਵਾਨ ਹੈ। ਤਾਰਾਂ ਦੇ ਸਾਜ਼ਾਂ ਦੀ ਪੁਨਰ ਸੁਰਜੀਤੀ ਅਤੇ ਦਸਤਕਾਰੀ ਵਿਚ ਉਸਦੀਆਂ ਪ੍ਰਾਪਤੀਆਂ ਵਿਲੱਖਣ ਹਨ ਅਤੇ ਉਸ ਦੇ ਯੋਗਦਾਨ ਨੂੰ ਸਿੱਖ ਸੰਗੀਤ ਤੋਂ ਵੀ ਅੱਗੇ ਲੈ ਜਾਂਦੀਆਂ ਹਨ।
ਚੰਡੀਗੜ੍ਹ ਦੇ ਜੰਮਪਲ ਭਾਈ ਬਲਦੀਪ ਸਿੰਘ ਦੀ ਨਿਯੁਕਤੀ ਹਵਾਬਾਜ਼ੀ ਅਤੇ ਏਅਰਕ੍ਰਾਫਟ ਡਿਜ਼ਾਈਨ ਦੇ ਖੇਤਰ ਵਿਚ ਹੋ ਗਈ ਸੀ ਪਰ ਉਸਨੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਸੰਗੀਤ ਵੱਲ ਜਾਣ ਦਾ ਫੈਸਲਾ ਕੀਤਾ। ਇਹ ਚੋਣ ਕੁਦਰਤੀ ਸੀ; ਕਿਉਂਕਿ, ਉਹ ਮਹਾਨ ਸਿੱਖ ਸੰਗੀਤਕਾਰਾਂ ਦੀ ਲੰਮੀ ਵੰਸ਼ ਦੀ 13ਵੀਂ ਪੀੜ੍ਹੀ ਨਾਲ ਸੰਬੰਧ ਰੱਖਦਾ ਹੈ। ਉਹ ਕੀਰਤਨੀਏ ਭਾਈ ਨਰੈਣ ਸਿੰਘ ਦੇ ਪੜਪੋਤੇ ਅਤੇ ਪ੍ਰਸਿੱਧ ਰਾਗੀ ਜਵਾਲਾ ਸਿੰਘ ਦੇ ਵੱਡੇ ਭਰਾ ਹਨ। ਭਾਈ ਸਧਾਰਣ ਤੋਂ ਲੈ ਕੇ ਭਾਈ ਬਲਦੀਪ ਸਿੰਘ ਤੱਕ ਸਾਰੇ ਨਾਮ ਸਥਾਪਿਤ ਸੰਗੀਤਕਾਰਾਂ ਵਿਚ ਸ਼ਾਮਲ ਹਨ।
ਭਾਈ ਬਲਦੀਪ ਨੇ ਆਪਣਾ ਜੀਵਨ ਸੰਗੀਤ ਨੂੰ ਸਮਰਪਿਤ ਕਰਕੇ ਕੀਰਤਨ ਦੀ ਡੂੰਘੀ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬ ਅਤੇ ਪਾਕਿਸਤਾਨ ਭਰ ਵਿਚ ਇੱਕ ਵਿਆਪਕ ਖੋਜ ਮਿਸ਼ਨ ’ਤੇ ਗਏ। ਕੇਵਲ ਸੰਗੀਤ ਹੀ ਨਹੀਂ, ਉਸਨੇ ਗੁਰਬਾਣੀ ਕੀਰਤਨ ਅਤੇ ਭਾਰਤੀ ਸ਼ਾਸਤਰੀ ਸੰਗੀਤ ਵਿਚ ਵਰਤੇ ਜਾਂਦੇ ਲੁਪਤ ਹੋ ਚੁੱਕੇ ਤਾਰਾਂ ਜਿਵੇਂ ਤਾਊਸ, ਸਾਰੰਦਾ, ਰਬਾਬ ਅਤੇ ਦਿਲਰੁਬਾ ਆਦਿ ਨੂੰ ਬਣਾਉਣਾ ਅਤੇ ਮੁੜ ਸੁਰਜੀਤ ਕਰਨਾ ਵੀ ਸਿੱਖਿਆ।
ਗੁਰਬਾਣੀ ਸੰਗੀਤ ਦੀਆਂ ਵੱਖ-ਵੱਖ ਤਕਨੀਕਾਂ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਭਾਈ ਬਲਦੀਪ ਸਿੰਘ ਨੇ ਭਾਰਤ ਅਤੇ ਦੁਨੀਆਂ ਭਰ ਵਿਚ ਸੰਗੀਤਕ ਸਮਾਗਮਾਂ, ਲੈਕਚਰਾਂ, ਵਰਕਸ਼ਾਪਾਂ, ਸੈਮੀਨਾਰਾਂ ਦਾ ਪ੍ਰਬੰਧ ਕਰਕੇ ਕੀਰਤਨ ਕਲਾ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਅਤੇ ਗੁਰਬਾਣੀ ਸੰਗੀਤ ਦੇ ਸਭ ਤੋਂ ਵੱਡੇ ਵਿਆਖਿਆਕਾਰ ਵਜੋਂ ਆਪਣੀ ਪਛਾਣ ਬਣਾਈ। ਉਸਨੇ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ। ਉਸਦੇ ਮਹਾਨ ਕਾਰਜਾਂ ਸਦਕਾ ਉਸਨੂੰ ਬਹੁਤ ਸਾਰੇ ਸਨਮਾਨਾਂ ਅਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਉਹ ਖ਼ੁਦ ਇੱਕ ਨਿਪੁੰਨ ਕਵੀ ਹੈ।
ਭਾਈ ਬਲਦੀਪ ਸਿੰਘ ਨੇ ਇਸ ਮੌਕੇ ਵੱਖ-ਵੱਖ ਰਾਗਾਂ ’ਚ ਗਾਇਨ ਕਰਕੇ ਆਪਣੀ ਸੰਗੀਤਕ ਪ੍ਰਤਿਭਾ ਦਾ ਆਨੰਦਮਈ ਪ੍ਰਦਰਸ਼ਨ ਕੀਤਾ। ਉਨ੍ਹਾਂ ਆਪਣੀ ਲਗਭਗ 3000 ਸਫਿਆਂ ਵਾਲੀ ਪੁਸਤਕ ‘ਗੁਰਬਾਣੀ ਸੰਗੀਤ ਪ੍ਰਾਚੀਨ ਕੀਰਤੀ ਮਾਲਾ’ ਬਾਰੇ ਵੀ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਉਸ ਦੇ ਕੁਝ ਅੰਸ਼ ਬਾਂਝੇ ਕੀਤੇ।
ਅੰਤ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਬਲਦੀਪ ਸਿੰਘ ਵੱਲੋਂ ਭਾਰਤੀ ਸੰਗੀਤ ਨੂੰ ਮੁੜ ਸੁਰਜੀਤ ਕਰਨ ਅਤੇ ਪ੍ਰਫੁੱਲਤ ਕਰਨ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਵੈਨਕੂਵਰ ਵਿਚਾਰ ਮੰਚ ਲਈ ਸਮਾਂ ਕੱਢਣ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਮੱਲ੍ਹੀ, ਡਾ. ਰਿਸ਼ੀ ਸਿੰਘ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਨਵਰੂਪ ਸਿੰਘ, ਅਮਰ ਸਿੰਘ ਆਰਟਿਸਟ, ਹਰਦਮ ਸਿੰਘ ਮਾਨ ਅਤੇ ਗੁਰਬਾਣੀ ਸੰਗੀਤ ਦੇ ਕਈ ਪ੍ਰਸ਼ੰਸਕ ਹਾਜ਼ਰ ਸਨ।

Share