ਗੁਰਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਵਿਵਾਦਾਂ ’ਚ ਘਿਰੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ

306
Share

ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਨਾਮ ਸੰਬੋਧਨ ’ਚ ਇਕ ਅਹਿਮ ਐਲਾਨ ਕੀਤਾ। ਉਨ੍ਹਾਂ ਨੇ ਪਿਛਲੇ ਕਰੀਬ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਵਾਦਾਂ ’ਚ ਘਿਰੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਇਸ ਲਈ ਸੰਸਦ ਦੇ ਆਗਾਮੀ ਸੈਸ਼ਨ ’ਚ ਬਿੱਲ ਲਿਆਂਦਾ ਜਾਏਗਾ।
ਉਨ੍ਹਾਂ ਕਿਹਾ, ‘5 ਦਹਾਕੇ ਦੇ ਆਪਣੇ ਜਨਤਕ ਜੀਵਨ ’ਚ ਮੈਂ ਕਿਸਾਨਾਂ ਦੀਆਂ ਮੁਸ਼ਕਲਾਂ, ਚੁਣੌਤੀਆਂ ਨੂੰ ਬਹੁਤ ਨੇੜਿਓਂ ਦੇਖਿਆ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਛੋਟੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਆਪਣੀ ਸਰਕਾਰ ਵੱਲੋਂ ਚੁੱਕੇ ਕਦਮਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਬਜਨ ’ਚ 5 ਗੁਣਾ ਵਾਧਾ ਕੀਤਾ ਗਿਆ ਹੈ, ਹਰ ਸਾਲ 1.25 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 3 ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦਿਆਂ ਨੂੰ ਕਿਸਾਨਾਂ ਦੇ ਇਕ ਵਰਗ ਨੂੰ ਸਮਝਾਉਣ ’ਚ ਨਾਕਾਮ ਰਹੀ। ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਏਗਾ ਅਤੇ ਇਸ ਲਈ ਸੰਸਦ ਦੇ ਆਗਾਮੀ ਸੈਸ਼ਨ ਵਿਚ ਬਿੱਲ ਲਿਆਂਦਾ ਜਾਏਗਾ।

Share