ਗੁਰਦੁਆਰਾ ਸਿੱਖ ਟੈਂਪਲ, ਯੂਬਾ ਸਿਟੀ ਦੀਆਂ ਚੋਣਾਂ ’ਚ ‘ਸਾਧ ਸੰਗਤ’ ਸਲੇਟ ਰਹੀ ਜੇਤੂ

132
Share

ਯੂਬਾ ਸਿਟੀ, 19 ਮਈ (ਪੰਜਾਬ ਮੇਲ)- ਗੁਰਦੁਆਰਾ ਸਿੱਖ ਟੈਂਪਲ, ਯੂਬਾ ਸਿਟੀ ਦੀਆਂ ਹੋਈਆਂ ਪ੍ਰਬੰਧਕੀ ਚੋਣਾਂ ’ਚ ‘ਸਾਧ ਸੰਗਤ’ ਸਲੇਟ ਜੇਤੂ ਰਹੀ, ਜਿਸ ਦੀ ਅਗਵਾਈ ਸਰਬਜੀਤ ਥਿਆੜਾ ਤੇ ਤੇਜਿੰਦਰ ਦੁਸਾਂਝ ਕਰ ਰਹੇ ਸਨ। ਇਸ ਸਲੇਟ ਦੇ 20 ਉਮੀਦਵਾਰ ਤੇ ‘ਪੰਥਕ ਸਲੇਟ’ ਦੇ 11 ਉਮੀਦਵਾਰ ਜੇਤੂ ਐਲਾਨੇ ਗਏ। ਇਨ੍ਹਾਂ ਵੋਟਾਂ ਦੌਰਾਨ ਕੁੱਲ 3613 ਵੋਟਾਂ ਪਈਆਂ। ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਚੋਣਾਂ ਦੋ ਦਿਨਾਂ ’ਚ ਨੇਪਰੇ ਚੜ੍ਹੀਆਂ। ਦੋਵਾਂ ਧਿਰਾਂ ਦੇ ਵਕੀਲਾਂ ਦੀ ਹਾਜ਼ਰੀ ’ਚ ਅਤੇ ਵਿਧਾਨਕ ਤੌਰ ’ਤੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਦਾ ਤੇ ਨਿੱਜੀ ਸੁਰੱਖਿਆ ਅਮਲੇ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ। ਸਾਧ ਸੰਗਤ ਸਲੇਟ ਦੇ 20 ਡਾਇਰੈਕਟਰ, ਜਿਨ੍ਹਾਂ ਵਿਚ ਪ੍ਰੀਤਮ ਸਿੰਘ, ਅਜੈਬ ਸਿੰਘ ਮੱਲ੍ਹੀ, ਸੁਖਦੇਵ ਸਿੰਘ ਮੁੰਡੀ, ਸਰਬਜੀਤ ਸਿੰਘ ਥਿਆੜਾ, ਜਗਦੀਪ ਸਿੰਘ ਬਾਜਵਾ, ਹਰਜਿੰਦਰ ਬੈਂਸ, ਤਜਿੰਦਰ ਸਿੰਘ ਦੁਸਾਂਝ, ਨਰ ਸਿੰਘ ਹੀਰ, ਮਹਾ ਸਿੰਘ ਢਿੱਲੋਂ, ਹਰਜੀਤ ਸਿੰਘ ਗਿੱਲ, ਗੁਰਕਮਲਜੀਤ ਸਿੰਘ ਕਾਲਕਟ, ਗੁਰਚਰਨ ਸਿੰਘ ਰੰਧਾਵਾ, ਗੁਰਮੀਤ ਸਿੰਘ ਤੱਖਰ, ਜੱਸ ਥਿਆੜਾ, ਸਰਬਜੀਤ ਡਡਵਾਲ, ਤਾਰਾ ਸਿੰਘ ਭੰਗਲ, ਤੀਰਥ ਸਿੰਘ ਚੀਮਾ, ਰਵਿੰਦਰ ਸਿੰਘ ਸਹੋਤਾ, ਮਲਕੀਤ ਸਿੰਘ ਤੇ ਕਸ਼ਮੀਰ ਸਿੰਘ ਰਾਏ ਜੇਤੂ ਰਹੇ। ਇਸੇ ਤਰ੍ਹਾਂ ਪੰਥਕ ਸਲੇਟ ਦੇ ਜੇਤੂ ਉਮੀਦਵਾਰਾਂ ਵਿਚ ਬਲਰਾਜ ਸਿੰਘ ਢਿੱਲੋਂ, ਜਸਬੀਰ ਸਿੰਘ ਧਾਮੀ, ਮਨਜੀਤ ਸਿੰਘ ਢਿੱਲੋਂ, ਦਿਲਵੀਰ ਸਿੰਘ ਗਿੱਲ, ਨਿਰਮਲ ਸਿੰਘ ਜੰਡਾ, ਨਰਿੰਦਰ ਸਿੰਘ, ਕੁਲਦੀਪ ਸਿੰਘ ਸਹੋਤਾ, ਹਰਭਜਨ ਸਿੰਘ ਢੇਰੀ, ਹਰਮਨਦੀਪ ਸਿੰਘ ਸੰਧੂ, ਅਮਰੀਕ ਸਿੰਘ ਕਾਹਲ ਅਤੇ ਜੋਗਾ ਸਿੰਘ ਰਾਏ ਸ਼ਾਮਲ ਹਨ। ਗੁਰੂਘਰ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚਰਚਿਤ ਚੋਣਾਂ ’ਚ ਵੋਟਰਾਂ ’ਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ‘ਖਾਲਸਾ ਪੰਥ ਸਲੇਟ’ ਅਤੇ ‘ਸਾਧ ਸੰਗਤ ਸਲੇਟ’ ਦੇ ਚੋਣਾਂ ਵਿਚ ਖੜ੍ਹੇ ਉਮੀਦਵਾਰ ਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਗੁਰਦੁਆਰੇ ਨੂੰ ਜਾਂਦੀ ਸੜਕ ’ਤੇ ਵਿਸ਼ਾਲ ਤੰਬੂ ਲਗਾਏ ਗਏ ਸਨ। ਉਹ ਵੋਟ ਪਾਉਣ ਜਾ ਰਹੇ ਹਰ ਵੋਟਰ ਦਾ ਵਾਹਨ ਰੋਕ ਕੇ ਆਪਣੀ-ਆਪਣੀ ਸਲੇਟ ਦੇ ਉਮੀਦਵਾਰਾਂ ਦੇ ਨਾਵਾਂ ਵਾਲੇ ਪੈਂਫ਼ਲਿਟ ਵੰਡਦੇ ਰਹੇ ਤੇ ਆਪਣੇ-ਆਪਣੇ ਹੱਕ ਵਿਚ ਵੋਟਾਂ ਪਾਉਣ ਲਈ ਬੇਨਤੀਆਂ ਕਰਦੇ ਰਹੇ। ਦੋਵੇਂ ਸਲੇਟਾਂ ਵੱਲੋਂ ਵੋਟਰਾਂ ਲਈ ਖਾਣ-ਪੀਣ ਦਾ ਵਿਸ਼ਾਲ ਪ੍ਰਬੰਧ ਕੀਤਾ ਗਿਆ ਸੀ। ਕੱੁਲ ਰਜਿਸਟਰਡ ਵੋਟਾਂ 6804 ਸਨ, ਜਦਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 3611 ਰਹੀ। ਜੇਤੂ ਧੜੇ ਦੇ ਸਰਬ ਥਿਆੜਾ ਤੇ ਤੇਜਿੰਦਰ ਦੁਸਾਂਝ (ਸਾਧ ਸੰਗਤ ਧੜੇ) ਨੇ ਸਥਾਨਕ ਸਾਰੀ ਸੰਗਤ ਨੂੰ ਸੇਵਾ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਕਰਾਂਗੇ।


Share