ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੂਟਾ ਸਿੰਘ ਬਾਸੀ ‘ਤੇ ਜਾਨਲੇਵਾ ਹਮਲਾ

1756
Share

ਸਟਾਕਟਨ, 17 ਜੂਨ (ਪੰਜਾਬ ਮੇਲ)- ਬੂਟਾ ਸਿੰਘ ਬਾਸੀ ਮੁੱਖ ਸੰਪਾਦਕ ਸਾਂਝੀ ਸੋਚ ਉਪਰ ਗੁਰਦੁਆਰਾ ਸਾਹਿਬ ਸਟਾਕਟਨ (ਜਿਥੇ ਉਹ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਉਨ੍ਹਾਂ ਦਾ ਇਕ ਖ਼ਬਰ ਸਬੰਧੀ ਸਪੱਸ਼ਟੀਕਰਨ ਲੈਣ ਗਏ ਸਨ) ਵਿਖੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ ਕੀਤੀ ਗਈ। 13 ਜੂਨ ਦੀ ‘ਅਜੀਤ’ ਅਖ਼ਬਾਰ ਦੇ ਰਾਸ਼ਟਰੀ-ਅੰਤਰਰਾਸ਼ਟਰੀ ਸਫ਼ਾ ਨੰਬਰ 12 ਉਪਰ ਐੱਸ. ਅਸ਼ੋਕ ਭੌਰਾ ਦੀ ਕੋਰੋਨਾ ਮਹਾਮਾਰੀ ਕਾਰਨ ਸੰਗਤ ਦੀ ਘੱਟ ਆਮਦ ਕਾਰਨ ਕੈਲੀਫੋਰਨੀਆ ਦੇ ਤਿੰਨ ਗੁਰਦੁਆਰਾ ਸਾਹਿਬ ਦੇ ਆਰਥਿਕ ਸੰਕਟ ਬਾਰੇ ਇਕ ਖ਼ਬਰ ਪ੍ਰਕਾਸ਼ਿਤ ਹੋਈ ਸੀ। ਇਨ੍ਹਾਂ ਗੁਰੂ ਘਰਾਂ ‘ਚ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਸੈਨਹੋਜ਼ੇ ਤੇ ਗੁਰਦੁਆਰਾ ਸਾਹਿਬ ਫਰੀਮਾਂਟ ਸ਼ਾਮਲ ਹਨ। ਇਸ ਖ਼ਬਰ ਉਪਰ ਬੂਟਾ ਸਿੰਘ ਬਾਸੀ ਮੁੱਖ ਸੰਪਾਦਕ ‘ਸਾਂਝੀ ਸੋਚ’ ਅਖ਼ਬਾਰ ਨੇ ਫੇਸਬੁੱਕ ਉਪਰ ਲਾਈਵ ਹੋ ਕੇ ਚਰਚਾ ਕਰਦਿਆਂ ਸਵਾਲ ਉਠਾਇਆ ਸੀ ਕਿ ਗੁਰਦੁਆਰਾ ਸਾਹਿਬ ਸਟਾਕਟਨ ਵਰਗੇ ਇਤਿਹਾਸਕ ਤੇ ਹੋਰ ਗੁਰਦੁਆਰਾ ਸਾਹਿਬਾਨ ਨੂੰ ਏਨੀ ਛੇਤੀ ਵਿੱਤੀ ਸੰਕਟ ਕਿਵੇਂ ਆ ਸਕਦਾ ਹੈ। ਮਹੀਨੇ ਦੇ ਲੱਖਾਂ ਡਾਲਰ ਦੇ ਚੜ੍ਹਾਵੇ ਵਾਲੇ ਗੁਰਦੁਆਰਾ ਸਾਹਿਬਾਨ ਕੋਲ ਕੀ ਕੋਈ ਪਹਿਲਾਂ ਬਚਤ ਦੀ ਰਕਮ ਨਹੀਂ ਹੈ? ਕਿਉਂਕਿ ਇਨ੍ਹਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਨਾ ਕੋਈ ਨਵੀਂ ਇਮਾਰਤ ਬਣਾਈ ਹੈ ਤੇ ਨਾ ਹੀ ਕੋਈ ਹੋਰ ਕੰਮ ਕੀਤਾ ਹੈ, ਜਿੱਥੇ ਇਹ ਸਾਰਾ ਚੜ੍ਹਾਵਾ ਖਰਚ ਹੋ ਗਿਆ ਹੋਵੇ। ਸ. ਬਾਸੀ ਨੇ ਇਹ ਵੀ ਕਿਹਾ ਸੀ ਕਿ ਕੀ ਇਹ ਚੜ੍ਹਾਵਾ ਗੁਰਦੁਆਰਾ ਸਾਹਿਬ ਸਬੰਧੀ ਕੇਸਾਂ ਉਪਰ ਖਰਚ ਕਰ ਦਿੱਤਾ ਗਿਆ ਹੈ ਜਾਂ ਹੋਰ ਕਿਤੇ ਵਰਤ ਲਿਆ ਗਿਆ ਹੈ। ਇਸ ਉਪਰੰਤ ਗੁਰਦੁਆਰਾ ਸਾਹਿਬ ਸਟਾਕਟਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਫ਼ੋਨ ਕਰਕੇ ਬਾਸੀ ਹੁਰਾਂ ਕੋਲੋਂ ਅਜੀਤ ‘ਚ ਛਪੀ ਖ਼ਬਰ ਸਬੰਧੀ ਗੱਲਬਾਤ ਕਰਨ ਵਾਸਤੇ ਸਮਾਂ ਮੰਗਿਆ ਸੀ, ਜਿਸ ‘ਤੇ ਬਾਸੀ ਨੇ ਕਿਹਾ ਕਿ ਤੁਸੀਂ ਮੇਰੇ ਮੁਡੈਸਟੋ ਸਥਿਤ ਘਰ ਆ ਸਕਦੇ ਹੋ। ਬਲਵਿੰਦਰ ਸਿੰਘ ਨੇ ਪਹਿਲਾਂ ਤਾਂ ਹਾਮੀ ਭਰ ਦਿੱਤੀ ਪਰ ਬਾਅਦ ਵਿਚ ਬਾਸੀ ਨੂੰ ਫ਼ੋਨ ਉਪਰ ਕਿਹਾ ਕਿ ਮੇਰੇ ਨਾਲ ਹੋਰ ਵੀ ਕਮੇਟੀ ਮੈਂਬਰ ਹੋਣਗੇ, ਇਸ ਲਈ ਤੁਸੀਂ ਹੀ ਗੁਰਦੁਆਰਾ ਸਾਹਿਬ ਸਟਾਕਟਨ ਆ ਜਾਵੋ। ਬੂਟਾ ਬਾਸੀ ਆਪਣੇ ਤਿੰਨ ਦੋਸਤਾਂ ਨਾਲ 13 ਜੂਨ ਨੂੰ ਸਟਾਕਟਨ ਗੁਰੂ ਘਰ ਵਿਖੇ ਪੁੱਜੇ, ਜਿੱਥੇ ਕਮੇਟੀ ਦੇ ਦਫ਼ਤਰ ‘ਚ ਗੱਲਬਾਤੀ ਹੋਈ। ਇਸ ਮੌਕੇ ਗੁਰੂ ਘਰ ਦੇ ਸਕੱਤਰ ਅਮਰਜੀਤ ਸਿੰਘ ਤੇ ਕੁਝ ਹੋਰ ਵਿਅਕਤੀ ਮੌਜੂਦ ਸਨ। ਗੱਲਬਾਤ ਸ਼ੁਰੂ ਹੋਈ ਤਾਂ ਬਲਵਿੰਦਰ ਸਿੰਘ ਨੇ ਅਜੀਤ ਵਿਚ ਛਪੀ ਖ਼ਬਰ ਬਾਰੇ ਸਪੱਸ਼ਟੀਕਰਨ ਦੇਣ ਦੀ ਬਜਾਏ ਬਾਸੀ ਹੁਰਾਂ ਨੂੰ ਕਿਹਾ ਕਿ ਉਨ੍ਹਾਂ ਕਿਸ ਤਰ੍ਹਾਂ ਸਾਨੂੰ ਪੁੱਛੇ ਬਿਨਾਂ ਲਾਈਵ ਹੋ ਕੇ ਗੁਰਦੁਆਰਾ ਸਾਹਿਬ ਬਾਰੇ ਬੋਲਿਆ ਹੈ। ਇਸ ‘ਤੇ ਬਾਸੀ ਨੇ ਕਿਹਾ ਕਿ ਜਦੋਂ ਇਕ ਵੱਡੇ ਅੰਤਰਰਾਸ਼ਟਰੀ ਅਖ਼ਬਾਰ ‘ਚ ਖ਼ਬਰ ਛੱਪ ਜਾਵੇ, ਤਾਂ ਅਜਿਹੀ ਖ਼ਬਰ ਜਨਤਕ ਹੋ ਜਾਂਦੀ ਹੈ। ਅਜਿਹੀ ਖ਼ਬਰ ਸਬੰਧੀ ਆਪਣੀ ਰਾਏ ਰੱਖਣੀ ਮੇਰਾ ਹੱਕ ਹੈ ਤੇ ਮੈਂ ਆਪਣੇ ਪ੍ਰਤੀਕਰਮ ਵਿਚ ਕੁਝ ਵੀ ਗਲਤ ਨਹੀਂ ਕਿਹਾ। ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਬਾਹਰੋਂ ਦੋ ਵਿਅਕਤੀ ਆਏ, ਜਿਨ੍ਹਾਂ ਨੇ ਬਾਸੀ ਉਪਰ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਸਿਰ ਵਿਚ ਮੁੱਕੇ ਮਾਰੇ ਅਤੇ ਗਲਾ ਘੁੱਟਿਆ। ਬਲਵਿੰਦਰ ਸਿੰਘ ਪ੍ਰਧਾਨ ਨੇ ਉਨ੍ਹਾਂ ਵਿਅਕਤੀਆਂ ਨੂੰ ਫੜਨ ਦਾ ਯਤਨ ਕੀਤਾ, ਜਦਕਿ ਨਾਲ ਦੇ ਕਈ ਕਮੇਟੀ ਮੈਂਬਰ ਦੇਖਦੇ ਰਹੇ। ਬਾਸੀ ਵੱਲੋਂ ਫੋਨ ਕਰਨ ‘ਤੇ ਮੌਕੇ ਉਪਰ ਪੁੱਜੀ ਪੁਲਿਸ ਨੇ ਬਿਆਨ ਲਏ ਤੇ ਆਪਣੀ ਕਾਰਵਾਈ ਕਰਕੇ ਚਲੀ ਗਈ। ਬਾਸੀ ਉਪਰ ਹਮਲਾ ਕਰਨ ਵਾਲੇ ਤੇ ਕਰਵਾਉਣ ਵਾਲੇ ਕੌਣ ਲੋਕ ਹਨ, ਇਹ ਸਵਾਲ ਅਜੇ ਬੁਝਾਰਤ ਬਣਿਆ ਹੋਇਆ ਹੈ ਪਰ ਬਾਸੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੰਭਾਵੀ ਦੋਸ਼ੀਆਂ ਵਿਰੁੱਧ ਛੇਤੀ ਕਾਨੂੰਨੀ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਬਾਸੀ ਨੇ ਸਪੱਸ਼ਟ ਕੀਤਾ ਹੈ ਕਿ ਇਹੋ ਜਿਹੇ ਹਮਲੇ ਉਨ੍ਹਾਂ ਨੂੰ ਡਰਾ ਨਹੀਂ ਸਕਣਗੇ ਤੇ ਉਹ ਹਮੇਸ਼ਾਂ ਵਾਂਗ ਆਪਣੀ ਨਿਰਪੱਖ ਪੱਤਰਕਾਰੀ ਕਰਦੇ ਰਹਿਣਗੇ। ਇਥੇ ਦੱਸ ਦਈਏ ਕਿ ਸਿੱਖ ਫਾਰ ਜਸਟਿਸ ਖਾਲਿਸਤਾਨ ਬਾਰੇ 20-20 ਰਿਫਰੈਂਡਮ ਮੁਹਿੰਮ ਚਲਾ ਰਿਹਾ ਹੈ ਤੇ ਬੂਟਾ ਸਿੰਘ ਬਾਸੀ ਪਿਛਲੇ ਕਈ ਸਾਲਾਂ ਤੋਂ ਸਿੱਖ ਫਾਰ ਜਸਟਿਸ ਦੀ ਝੂਠ ਦੀ ਦੁਕਾਨਦਾਰੀ ਦੇ ਪੋਲ ਖੋਲ੍ਹਦਾ ਆ ਰਿਹਾ ਹੈ। ਇਸ ਲਈ ਹੋ ਸਕਦਾ ਹੈ ਕਿ ਇਸ ਗਰੁੱਪ ਨੇ ਬਾਸੀ ਉਪਰ ਹਮਲਾ ਕਰਵਾਇਆ ਹੋਵੇ।
ਚੁਫੇਰਿਉਂ ਨਿਖੇਧੀ ਤੇ ਨਿਆਂ ਦੀ ਮੰਗ
ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਉਪਰ ਗੁਰਦੁਆਰਾ ਸਾਹਿਬ ਸਟਾਕਟਨ ‘ਚ ਹੋਏ ਜਾਨਲੇਵਾ ਹਮਲੇ ਦੀ ਵੱਖ-ਵੱਖ ਰਾਜਸੀ, ਸਮਾਜਿਕ ਆਗੂਆਂ ਤੇ ਪੱਤਰਕਾਰਾਂ ਨੇ ਕਰੜੇ ਸ਼ਬਦਾਂ ‘ਚ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਨਿਖੇਧੀ ਕਰਨ ਵਾਲਿਆਂ ‘ਚ ਬਲਵੰਤ ਸਿੰਘ ਮਲ੍ਹਾ, ਡਾ. ਸੁਰਿੰਦਰ ਸਿੰਘ ਗਿੱਲ, ਸਤਪਾਲ ਸਿੰਘ ਧਨੋਆ ਰਿਪੋਰਟਰ ਪੀ.ਟੀ.ਸੀ., ਪਰਮਿੰਦਰ ਤੱਖਰ (ਯੂਬਾ ਸਿਟੀ), ਧਰਮਵੀਰ ਗਰਚਾ, ਰਾਜ ਗੋਗਨਾ, ਬਲਜਿੰਦਰ ਕੌਰ ਸਾਂਝਾ ਟੀ.ਵੀ., ਕੁਲਵੰਤ ਧਾਲੀਆਂ, ਨੀਟਾ ਮਾਛੀਕੇ, ਵਿਕਰਮ ਪਾਸੀ, ਮਨਜੀਤ ਸਿੰਘ ਪੱਤੜ, ਸਰਦੂਲ ਸਿੰਘ ਬਾਸੀ ਰੇਡੀਓ ਦਿੱਲ ਆਪਣਾ ਪੰਜਾਬੀ ਤੇ ਸੰਦੀਪ ਸਿੰਘ ਚਾਹਲ ਸ਼ਾਮਲ ਹਨ।


Share