ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਦਾ ਪਰਉਪਕਾਰੀ ਕਾਰਜ

379
Share

ਪੰਜਾਬ ਦੇ ਹਸਪਤਾਲਾਂ ਵਿਚ ਇਕ ਲੱਖ ਡਾਲਰ ਦੀਆਂ ਕਿਡਨੀ ਡਾਇਲਿਸਜ ਮਸ਼ੀਨਾਂ ਲਵਾਈਆਂ
ਸਰੀ, 28 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ, ਨੰਬਰ 5 ਰੋਡ ਰਿਚਮੰਡ,ਬੀ.ਸੀ.) ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਇਕੱਤਰ ਕੀਤੀ ਗਈ ਇਕ ਲੱਖ ਡਾਲਰ ਦੀ ਦਾਨ ਰਾਸ਼ੀ ਨਾਲ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ 8 ਕਿਡਨੀ ਡਾਇਲਿਸਜ ਮਸ਼ੀਨਾਂ ਲੁਆਉਣ ਦਾ ਪਰਉਪਕਾਰੀ ਕਾਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਇਹ ਧਨ ਕੋਵਿਡ-19 ਦੀ ਮਹਾਂਮਾਰੀ ਲਈ ਪੰਜਾਬ ਦੇ ਲੋਕਾਂ ਦੀ ਮੈਡੀਕਲ ਮਦਦ ਲਈ ਇਕੱਠਾ ਕੀਤਾ ਗਿਆ ਸੀ ਅਤੇ ਇਸ ਧਨ ਨਾਲ ਪੰਜਾਬ ਦੇ ਕੁਝ ਲੋੜਵੰਦ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲਵਾਉਣ ਦਾ ਪ੍ਰੋਗਰਾਮ ਮਿਥਿਆ ਗਿਆ ਸੀ ਪਰ ਜਦੋਂ ਇਸ ਸੰਬੰਧ ਵਿਚ ਪ੍ਰਬੰਧਕਾਂ ਵੱਲੋਂ “ਸਰਬੱਤ ਦਾ ਭਲਾ ਟਰਸਟ” ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਸਲਾਹ ਦਿੱਤੀ ਕਿ ਹੁਣ ਪੰਜਾਬ ਵਿਚ ਆਕਸੀਜਨ ਪਲਾਂਟਸ ਦੀ ਏਨੀ ਲੋੜ ਨਹੀਂ ਅਤੇ ਇਸ ਦੀ ਬਜਾਏ ਕਿਡਨੀ ਡਾਇਲਿਸਜ ਮਸ਼ੀਨਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਦੀ ਸਲਾਹ ਅਨੁਸਾਰ ਹੀ ਗੁਰਦੁਆਰਾ ਨਾਨਕ ਨਿਵਾਸ ਵੱਲੋਂ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਨਰਗਸ ਦੱਤ ਕੈਂਸਰ ਫਾਊਂਡੇਸ਼ਨ ਰਾਹੀਂ ਤਿੰਨ ਕਿਡਨੀ ਡਾਇਲਸਿਜ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਰਾਜਾ ਸਾਹਿਬ ਮਜਾਰਾ, ਰੈਹਪਾ ਦੇ ਹਸਪਤਾਲਾਂ ਵਿਚ ਪੰਜ ਮਸ਼ੀਨਾਂ ਲਵਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੀ.ਸੀ. ਦੇ ਕੁਝ ਇਲਾਕਿਆਂ ਵਿਚ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਸੀ ਅਤੇ ਗੁਰਦਆਰਾ ਨਾਨਕ ਨਿਵਾਸ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ ਦੋ ਟਨ ਸੁੱਕੇ ਖਾਧ ਪਦਾਰਥ ਲੋੜਵੰਦਾਂ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ 10,000 ਡਾਲਰ ਵੀ ਲੋੜਵੰਦਾਂ ਦੀ ਮਦਦ ਲਈ ਇਕੱਠੇ ਕੀਤੇ ਗਏ ਹਨ ਅਤੇ ਜਲਦੀ ਹੀ ਉਹਨਾਂ ਤਕ ਪਹੁੰਚਾਏ ਜਾ ਰਹੇ ਹਨ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਲੋਕ ਭਲਾਈ ਕਾਰਜਾਂ ਲਈ ਪਾਏ ਵੱਡਮੁੱਲੇ ਯੋਗਦਾਨ ਲਈ ਸੰਗਤਾਂ ਦਾ ਧੰਨਵਾਦ ਕੀਤਾ ਹੈ।


Share