ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ ਦੀ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ 15-16 ਮਈ ਨੂੰ

118
Share

-ਚੋਣਾਂ ਲਈ ਭਖ਼ਿਆ ਮੈਦਾਨ, 66 ਉਮੀਦਵਾਰ ਚੋਣ ਮੈਦਾਨ ’ਚ
ਯੂਬਾ ਸਿਟੀ, 12 ਮਈ (ਪੰਜਾਬ ਮੇਲ)- ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ ਦੀ ਪ੍ਰਬੰਧਕੀ ਕਮੇਟੀ ਦੀਆਂ 15 ਤੇ 16 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਮੈਦਾਨ ਭਖ਼ ਗਿਆ ਹੈ। ਇਨ੍ਹਾਂ ਚੋਣਾਂ ਲਈ ਮੁੱਖ ਮੁਕਾਬਲਾ ਦੋ ਧਿਰਾਂ ਵਿਚਾਲੇ ਹੈ, ਜਿਨ੍ਹਾਂ ਵੱਲੋਂ ਕੁੱਲ 66 ਉਮੀਦਵਾਰ ਮੈਦਾਨ ’ਚ ਨਿੱਤਰੇ ਹੋਏ ਹਨ। ਇਨ੍ਹਾਂ ਉਮੀਦਵਾਰਾਂ ਵਿਚੋਂ ਪ੍ਰਬੰਧਕੀ ਕਮੇਟੀ ਦੇ 32 ਮੈਂਬਰਾਂ ਦੀ ਚੋਣ ਕਰਨ ਲਈ ਇਸ ਵਾਰ 6804 ਵੋਟਰ ਰਜਿਸਟਰ ਹੋਏ ਹਨ, ਜੋ ਕਿ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਚੁਣਨ ਲਈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ। ਦੋਵੇਂ ਧਿਰ ਵੋਟਰਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਆਪਣੇ-ਆਪਣੇ ਸਾਧਨਾਂ ਰਾਹੀਂ ਭਰਮਾਉਣ ਦਾ ਯਤਨ ਕਰ ਰਹੇ ਹਨ ਅਤੇ ਇਸ ਲਈ ਧੜਾਧੜ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ’ਚ ਕੁਝ ਕਾਨੂੰਨੀ ਅੜਚਨਾਂ ਪੈ ਗਈਆਂ ਸਨ ਤੇ ਫਿਰ ਵਿਸ਼ਵ ਭਰ ’ਚ ਫੈਲੀ ਕੋਰੋਨਾ ਮਹਾਕਾਰਨ ਕਾਰਨ ਚੋਣਾਂ ਕਰਵਾਉਣ ’ਚ ਦੇਰੀ ਹੋ ਗਈ ਪਰ ਹੁਣ 15 ਤੇ 16 ਮਈ ਨੂੰ ਗੁਰੂ ਘਰ ਦੀ ਇਮਾਰਤ ’ਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਵੋਟਰ ਆਪਣੀ ਪਸੰਦ ਦੀ ਮੈਂਬਰਾਂ ਦੀ ਚੋਣ ਕਰਨ ਲਈ ਵੋਟਾਂ ਪਾਉਣਗੇ।
ਅਮਰੀਕਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦਾ ਇਹ ਗੁਰੂ ਘਰ ਕਰੀਬ 52 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਜੋਂ 1969 ’ਚ ਸਥਾਪਤ ਕੀਤਾ ਗਿਆ ਸੀ। ਇਸ ਗੁਰੂ ਘਰ ’ਚ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਹ ਨਗਰ ਕੀਰਤਨ ਹੁਣ ਅਮਰੀਕਾ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ, ਜਿਸ ਵਿਚ ਹਰ ਸਾਲ ਦਸ ਤੋਂ ਪੰਦਰਾਂ ਮਿਲੀਅਨ ਸੰਗਤਾਂ ਜੁੜਦੀਆਂ ਹਨ।

Share