ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਕਿਸਾਨ ਮਹਾ-ਪੰਚਾਇਤ ਦਾ ਆਯੋਜਨ

616
Share

ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਰੀ ਗਿਣਤੀ ’ਚ ਸੰਗਤ ਨੇ ਲਿਆ ਹਿੱਸਾ

ਟਰੇਸੀ, 24 ਫਰਵਰੀ (ਪੰਜਾਬ ਮੇਲ)- ਭਾਰਤ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਬਣਾਏ ਗਏ ਤਿੰਨ ਬਿੱਲਾਂ ਦੇ ਵਿਰੋਧ ਵਿਚ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਿੱਥੇ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਦੇ ਕਰੀਬ ਸਮੇਂ ਤੋਂ ਬੈਠੇ ਹਨ, ਉਥੇ ਵਿਦੇਸ਼ਾਂ ਵਿਚ ਵੀ ਵੱਖ-ਵੱਖ ਥਾਂਵਾਂ ’ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਤਹਿਤ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ ਵਿਖੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ (ਦਮਦਮੀ ਟਕਸਾਲ) ਦੇ ਖੁੱਲ੍ਹੇ ਮੈਦਾਨ ਵਿਚ ਮਹਾ-ਪੰਚਾਇਤ ਦਾ ਆਯੋਜਨ ਕੀਤਾ ਗਿਆ। ਨਾਰਦਰਨ ਕੈਲੀਫੋਰਨੀਆ ਦੇ ਬਹੁਤ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਸੰਗਤ ਨੇ ਹਿੱਸਾ ਲਿਆ। ਠੰਡ ਹੋਣ ਦੇ ਬਾਵਜੂਦ ਵੀ ਸੰਗਤ ਖੁੱਲ੍ਹੇ ਮੈਦਾਨ ਵਿਚ ਅੰਤ ਤੱਕ ਆਏ ਆਗੂਆਂ ਦੇ ਵਿਚਾਰ ਸੁਣਦੀ ਰਹੀ।
ਸਿੱਖ ਆਗੂਆਂ ਤੋਂ ਇਲਾਵਾ ਅਮਰੀਕਨ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸਿੱਖ ਪੰਚਾਇਤ ਨੂੰ ਸੰਬੋਧਨ ਕੀਤਾ। ਇਨ੍ਹਾਂ ਵਿਚ ਅਸੈਂਬਲੀ ਮੈਂਬਰ ਐਡਮ ਗਰੇਅ, ਅਸੈਂਬਲੀ ਮੈਂਬਰ ਹੀਥ ਫਲੋਰਾ, ਸਟਾਕਟਨ ਦੇ ਕੌਂਸਲ ਮੈਂਬਰ ਡੈਨ ਰਾਈਟ, ਸੈਨਵਾਕੀਨ ਕਾਊਂਟੀ ਦੇ ਸੁਪਰਵਾਈਜ਼ਰ ਮੈਨੀ ਗਰੇਵਾਲ ਤੋਂ ਇਲਾਵਾ ਕਾਂਗਰਸਮੈਨ ਜੌਹਨ ਗੈਰਾਮੰਡੀ ਅਤੇ ਕਾਂਗਰਸਮੈਨ ਵਾਲਾਡਾਹੋ ਨੇ ਆਪਣੇ ਸੰਦੇਸ਼ ਭੇਜੇ, ਜੋ ਕਿ ਪੜ੍ਹ ਕੇ ਸੁਣਾਏ ਗਏ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਜਸਵੰਤ ਸਿੰਘ ਹੋਠੀ, ਹਰਪ੍ਰੀਤ ਸਿੰਘ ਸੰਧੂ (ਸਿੱਖ ਕਾਕਸ), ਦੀਪ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਖਿਲਾਫ ਬਣਾਏ ਗਏ ਤਿੰਨ ਬਿੱਲ ਵਾਪਸ ਲਏ ਜਾਣ, ਅੰਦੋਲਨ ਦੌਰਾਨ ਜੇਲ੍ਹਾਂ ਵਿਚ ਡੱਕੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੀ ਸਾਰ ਲਈ ਜਾਵੇ। ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ, ਸੰਯੁਕਤ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਭਾਰਤ ਤੋਂ ਲਾਈਵ ਹੋ ਕੇ ਆਈਆਂ ਸੰਗਤਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਦੀ ਸੇਵਾ ਸੰਦੀਪ ਸਿੰਘ ਜੈਂਟੀ ਨੇ ਬਾਖੂਬੀ ਨਿਭਾਈ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਮੋਰਚੇ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਇਸ ਦੌਰਾਨ ਸੰਗਤ ਲਈ ਚਾਹ-ਪਕੌੜਿਆਂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।


Share