ਗੁਰਚਰਨ ਸੱਗੂ ਦੀ ਪੁਸਤਕ ‘‘ਵੇਖਿਆ ਸ਼ਹਿਰ ਬੰਬਈ’’ ਲੋਕ ਅਰਪਣ

145
ਪੁਸਤਕ ਲੋਕ ਅਰਪਣ ਦੌਰਾਨ ਹਾਜ਼ਰ ਸ਼ਖਸੀਅਤਾਂ।
Share

ਸਿਆਟਲ, 26 ਜਨਵਰੀ (ਪੰਜਾਬ ਮੇਲ)- ਬੀਤੇ ਐਤਵਾਰ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵਲੋਂ ਇੰਗਲੈਂਡ ਵਸਦੇ ਲੇਖਕ, ਫ਼ਿਲਮਸਾਜ਼ ਅਤੇ ਸਫਲ ਵਿਉਪਾਰੀ ਗੁਰਚਰਨ ਸੱਗੂ ਦੀ ਆਪਣੀ ਜੀਵਨੀ ’ਤੇ ਆਧਾਰਿਤ, ਪ੍ਰੀਤ ਪਬਲੀਕੇਸ਼ਨ ਨਾਭਾ ਵਲੋਂ ਛਾਪੀ ਗਈ ਪੁਸਤਕ ‘‘ਵੇਖਿਆ ਸ਼ਹਿਰ ਬੰਬਈ’’ ਖਾਲਸਾ ਗੁਰਮਤਿ ਸਕੂਲ ਆਬਰਨ ਵਿਖੇ ਲੋਕ ਅਰਪਣ ਕੀਤੀ ਗਈ। ਲਿਖਾਰੀ ਸਭਾ ਦੇ ਮੈਂਬਰਾਂ ਵਲੋਂ ਇਸ ਪੁਸਤਕ ਉੱਤੇ ਬਹੁਤ ਹੀ ਸਾਰਥਿਕ ਵਿਚਾਰ ਚਰਚਾ ਕੀਤੀ ਗਈ। ਇਸ ਪੁਸਤਕ ਵਿਚ ਗੁਰਚਰਨ ਸੱਗੂ ਦਾ ਆਰਥਿਕ ਮੰਦਹਾਲੀ ਵਾਲਾ ਬਚਪਨ, ਇੱਕ ਸਫਲ ਵਿਉਪਾਰੀ ਵਜੋਂ ਇੰਗਲੈਂਡ ਵਿਚ ਸਥਾਪਿਤ ਹੋਣਾ, ਫਿਲਮ ਬਨਾਉਣ ਦਾ ਸੁਪਨਾ ਲੈ ਕੇ ਸਭ ਕੁੱਝ ਬਰਬਾਦ ਕਰਨਾ, ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਕਾਰੋਬਾਰ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਾ ਅਤੇ ਆਪਣੇ ਹੱਸਦੇ-ਵਸਦੇ ਪਰਿਵਾਰ ਨੂੰ ਇਕੱਠਾ ਰੱਖਣਾ ਆਪਣੇ ਆਪ ਵਿਚ ਕਿਸੇ ਫਿਲਮ ਦੀ ਕਹਾਣੀ ਨਾਲ਼ੋਂ ਘੱਟ ਨਹੀਂ ਹੈ। ਆਪਣੇ ਫਿਲਮ ਬਨਾਉਣ ਦੇ ਸੁਪਨੇ ਨੂੰ ਪੂਰਾ ਕਰਨ ਦੌਰਾਨ ਉਸ ਦੇ ਪਰਿਵਾਰ ਨੇ ਜੋ ਮੁਸ਼ਕਿਲਾਂ ਝੱਲੀਆਂ, ਉਨ੍ਹਾਂ ਦਾ ਜ਼ਿਕਰ ਕਰਦਿਆਂ ਸੱਗੂ ਸਾਹਿਬ ਇੱਕ ਵਾਰ ਤਾਂ ਭਾਵੁਕ ਹੋ ਗਏ। ਇਹ ਦਰਦ ਭਰੀ ਦਾਸਤਾਨ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਸਮਾਗਮ ਵਿਚ ਹਰਦਿਆਲ ਸਿੰਘ ਚੀਮਾ, ਪਿ੍ਰਤਪਾਲ ਸਿੰਘ ਟਿਵਾਣਾ, ਬਲਿਹਾਰ ਲੇਹਲ, ਧਰਮ ਸਿੰਘ, ਜੇ.ਬੀ. ਸਿੰਘ, ਲਾਲੀ ਸੰਧੂ, ਰੂਪ ਸੰਧੂ, ਜਸਵੀਰ ਸਹੋਤਾ, ਡਾ. ਜਤਿੰਦਰ ਚੋਪੜਾ, ਸੁਖਮੰਦਰ ਸਿੰਘ, ਜਗਜੀਤ ਸਿੰਘ, ਸ਼ਸ਼ੀ ਪ੍ਰਾਸ਼ਰ, ਡਾ. ਮਧੂ ਪ੍ਰਾਸ਼ਰ, ਯਸ਼ ਸਾਥੀ, ਨਵੀਨ ਸਾਥੀ ਨੇ ਹਿੱਸਾ ਲਿਆ। ਇਸ ਤੋਂ ਬਿਨਾਂ ਡਾ: ਪ੍ਰੇਮ ਕੁਮਾਰ, ਡਾ: ਸੁਖਵੀਰ ਬੀਹਲਾ, ਹਰਪਾਲ ਸਿੱਧੂ, ਹਰਸ਼ਿੰਦਰ ਸੰਧੂ, ਮੰਗਤ ਕੁਲਜਿੰਦ ਅਤੇ ਸਾਧੂ ਸਿੰਘ ਝੱਜ ਨੇ ਫੋਨ ਰਾਹੀਂ ਹਾਜਰੀ ਲਗਵਾਈ। ਸਟੇਜ ਦੀ ਸੇਵਾ ਬਲਿਹਾਰ ਲੇਹਲ ਨੇ ਬਾਖੂਬੀ ਨਿਭਾਈ। ਗੁਰਚਰਨ ਸੱਗੂ, ਡਾ. ਜਤਿੰਦਰ ਚੋਪੜਾ ਅਤੇ ਧਰਮ ਸਿੰਘ ਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਸਨਮਾਨਤ ਕੀਤਾ ਗਿਆ। ਅੰਤ ਵਿਚ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Share