ਗੀਤਕਾਰ ਸਵ: ਗੁਰਦੇਵ ਸਿੰਘ ਮਾਨ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

314
Share

ਸਰੀ, 17 ਜੂਨ (ਹਰਦਮ ਮਾਨ/ਪੰਜਾਬ ਮੇਲ))-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਜ਼ੂਮ ਮੀਟਿੰਗ ਪ੍ਰਸਿੱਧ ਲੇਖਕ ਸਵ: ਗੁਰਦੇਵ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਰਹੀ। ਮੀਟਿੰਗ ਵਿਚ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਮੁੱਖ ਬੁਲਾਰੇ ਸਨ ਅਤੇ ਪ੍ਰਸਿੱਧ ਬਹੁਪੱਖੀ ਸਾਹਿਤਕਾਰ ਰਵਿੰਦਰ ਰਵੀ ਮੁੱਖ ਮਹਿਮਾਨ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਨੇ ਕੀਤੀ।
ਆਰੰਭ ਵਿਚ 84 ਦੇ ਸ਼ਹੀਦਾਂ, ਸਰੀ ਦੇ ਪ੍ਰਸਿੱਧ ਭੰਗੜਾ ਕਲਾਕਾਰ ਜਤਿੰਦਰ ਸਿੰਘ ਰੰਧਾਵਾ ਅਤੇ ਸਾਹਿਤਕਾਰ ਡਾ. ਹਰਚੰਦ ਸਿੰਘ ਬੇਦੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਸੁਰਜੀਤ ਮਾਧੋਪੁਰੀ ਅਤੇ ਪਲਵਿੰਦਰ ਸਿੰਘ ਰੰਧਾਵਾ ਨੇ ਸਵ. ਗੁਰਦੇਵ ਮਾਨ ਦੀ ਯਾਦ ਨੂੰ ਸਮਰਪਿਤ ਗੀਤ ਤਰਨੰਮ ਵਿਚ ਪੇਸ਼ ਕੀਤੇ। ਰੂਪਿੰਦਰ ਖਹਿਰਾ ਰੂਪੀ ਨੇ ਗੁਰਦੇਵ ਸਿੰਘ ਮਾਨ ਦੀ ਰਚਨਾ “ਰਾਤੀਂ ਸੀ ਉਡੀਕਾਂ ਤੇਰੀਆਂ” ਤਰੰਨਮ ਵਿਚ ਪੇਸ਼ ਕੀਤੀ ਅਤੇ ਹਰਚੰਦ ਸਿੰਘ ਗਿੱਲ ਨੇ ਗੁਰਦੇਵ ਮਾਨ ਦਾ ਗੀਤ ਸੁਣਾਇਆ।
ਕੁਲਦੀਪ ਸਿੰਘ ਗਿੱਲ, ਦਰਸ਼ਨ ਸੰਘਾ ਅਤੇ ਪ੍ਰਿਤਪਾਲ ਗਿੱਲ ਨੇ ਮੁੱਖ ਬੁਲਾਰੇ ਐਸ ਅਸ਼ੋਕ ਭੌਰਾ ਦੇ ਜੀਵਨ, ਸਾਹਿਤਕ ਸਫ਼ਰ, ਪ੍ਰਾਪਤੀਆਂ ਅਤੇ ਗੀਤਕਾਰੀ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਰੋਸ਼ਨੀ ਪਾਈ। ਐਸ ਅਸ਼ੋਕ ਭੌਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਉਨ੍ਹਾਂ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ ਪਰ ਛੋਟੀ ਉਮਰ ਵਿਚ ਹੀ ਉਹ ਸਾਹਿਤ ਨਾਲ ਜੁੜ ਗਏ ਸਨ। 43 ਸਾਲ ਤੋਂ ਸਾਹਿਤ ਦੀ ਰਚਨਾ ਕਰਦਿਆਂ ਗੀਤ, ਕਹਾਣੀ, ਲੇਖ, ਅਖਬਾਰੀ ਕਾਲਮ ਅਤੇ ਹੋਰ ਵਿਧਾਵਾਂ ਵਿਚ ਖੂਬ ਲਿਖਿਆ ਹੈ ਪਰ “ਏਨਾ ਲਿਖਣ ਦੇ ਬਾਵਜੂਦ ਲੱਗਦਾ ਹੈ ਕਿ ਹਾਲੇ ਮੇਰੀ ਗੱਲ ਨਹੀਂ ਬਣੀ”।
ਅੰਤ ਵਿਚ ਚੱਲੇ ਕਾਵਿਕ ਦੌਰ ਵਿਚ ਮੰਗਤ ਕੁਲਜਿੰਦ (ਸੰਪਾਦਕ ਸ਼ਬਦ ਤ੍ਰਿੰਝਣ), ਕ੍ਰਿਸ਼ਨ ਬੈਕਟਰ, ਹਰਚੰਦ ਬਾਗੜੀ, ਇੰਦਰਜੀਤ ਧਾਮੀ, ਅਮਰੀਕ ਪਲਾਹੀ, ਹਰਸ਼ਰਨ ਕੌਰ, ਹਰਦੇਵ ਅਸ਼ਕ ਸੋਢੀ, ਬਿੱਕਰ ਸਿੰਘ ਖੋਸਾ ਅਤੇ ਹਰਜਿੰਦਰ ਚੀਮਾ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਅਮਰ ਓਛਾਨੀ ਨੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਇੰਦਰਪਾਲ ਸੰਧੂ, ਪਰਮਿੰਦਰ ਸਵੈਚ, ਗੁਰਚਰਨ ਸਿੰਘ ਟੱਲੇਵਾਲੀਆ, ਰਾਜਵੰਤ ਚਿਲਾਨਾ, ਦਵਿੰਦਰ ਬਚੜਾ, ਮੋਹਨ ਬਚੜਾ, ਬਲਿਹਾਰ ਸਿੰਘ ਲੇਲ੍ਹ, ਰਣਧੀਰ ਢਿੱਲੋਂ ਨੇ ਵੀ ਹਾਜਰੀ ਲੁਆਈ।
ਅੰਤ ਵਿਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਆਪਣੀ ਇਕ ਰਚਨਾ ਸਾਂਝੀ ਕੀਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।


Share