ਗੀਤਕਾਰ ਦੇਵ ਥਰੀਕੇ ਵਾਲਾ ਦਾ ਦੇਹਾਂਤ; ਜੱਦੀ ਪਿੰਡ ’ਚ ਹੋਇਆ ਅੰਤਿਮ ਸਸਕਾਰ

97
Share

– ਸਾਹਿਤਕ ਜਥੇਬੰਦੀਆਂ ਤੇ ਕਈ ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
-ਪੰਜਾਬੀ ਕਲਾਕਾਰ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸ਼ਰਧਾਂਜਲੀ
-ਸੰਗੀਤ ਜਗਤ ਨੂੰ ਪਿਆ ਘਾਟਾ
ਲੁਧਿਆਣਾ, 26 ਜਨਵਰੀ (ਪੰਜਾਬ ਮੇਲ)- ਆਪਣੀ ਅਰਥ ਭਰਪੂਰ ਗਾਇਕੀ ਕਰਕੇ ਪੂਰੀ ਦੁਨੀਆਂ ਵਿਚ ਨਾਮਣਾ ਖੱਟਣ ਵਾਲੇ ਉੱਘੇ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਦੇਵ ਥਰੀਕੇ ਵਾਲਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਥਰੀਕੇ ਵਿਚ ਕੀਤਾ ਗਿਆ। ਮਿ੍ਰਤਕ ਦੇਹ ਨੂੰ ਅਗਨ ਭੇਟ ਕਰਨ ਦੀ ਰਸਮ ਉਨ੍ਹਾਂ ਦੇ ਪੁੱਤਰ ਜਗਵੰਤ ਸਿੰਘ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਸਾਹਿਤਕ, ਕਲਾਕਾਰ ਜਥੇਬੰਦੀਆਂ ਵੱਲੋਂ ਥਰੀਕੇ ਵਾਲਾ ਦੀ ਦੇਹ ’ਤੇ ਦੋਸ਼ਾਲੇ ਪਾਏ ਗਏ ਅਤੇ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਤੇ ਪੰਜਾਬੀ ਗੀਤਕਾਰੀ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਦੇਵ ਥਰੀਕੇ ਵਾਲਾ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸੀ, ਜਿਸ ਨੇ ਪੂਰੀਆਂ ਚਾਰ ਸਦੀਆਂ ਆਪਣੇ ਸ਼ਬਦਾਂ ਰਾਹੀਂ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਇਸ ਮੌਕੇ ‘ਆਪ’ ਆਗੂ ਭਗਵੰਤ ਮਾਨ ਤੇ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਫੋਨ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਵ ਥਰੀਕੇ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੀਆਂ ਸਖਸ਼ੀਅਤਾਂ ਵਿਚ ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਕੁਲਦੀਪ ਵੈਦ, ਦਰਸ਼ਨ ਸਿੰਘ ਸ਼ਿਵਾਲਕ, ਗਾਇਕ ਸੁਰਿੰਦਰ ਛਿੰਦਾ, ਪੰਜਾਬ ਕਲਾ ਪ੍ਰੀਸ਼ਦ ਵੱਲੋਂ ਡਾ. ਨਿਰਮਲ ਜੌੜਾ, ਬਲਵੀਰ ਬੋਪਾਰਾਏ ਸ਼ਾਮਲ ਹਨ। ਪੰਜਾਬੀ ਸੱਥ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਵੀ ਹਰਦੇਵ ਦਿਲਗੀਰ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਡਾ. ਸੁਰਜੀਤ ਪਾਤਰ ਤੇ ਡਾ. ਸੁਖਦੇਵ ਸਿੰਘ ਸਿਰਸਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਦੇ ਦਿਹਾਂਤ ਨਾਲ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਤੇ ਪੰਜਾਬੀ ਕਲਾਕਾਰਾਂ ’ਚ ਸੋਗ ਦੀ ਲਹਿਰ ਛਾਈ ਹੋਈ ਹੈ। ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ।
ਪੰਜਾਬ ਦੀ ਮਸ਼ਹੂਰ ਗਾਇਕਾ ਪਰਵੀਨ ਭਾਰਟਾ ਨੇ ਵੀ ਦੇਵ ਥਰੀਕੇ ਵਾਲਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ ‘‘ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲਾ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ। ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਵਾਲਾ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ।’’
ਉਥੇ ਹੀ ਗਾਇਕ ਸਤਵਿੰਦਰ ਬੁੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੇਵ ਥਰੀਕੇ ਵਾਲਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ। ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ।’’
ਸਤਵਿੰਦਰ ਬਿੱਟੀ ਨੇ ਲਿਖਿਆ, ‘‘ਝੂਠ ਨਾ ਥਰੀਕੇ ਵਾਲਾ ਦੇਵ ਦੱਸਦਾ, ਰੱਬ ਦਿਆਂ ਬੰਦਿਆਂ ’ਚ ਰੱਬ ਵਸਦਾ। ਪੰਜਾਬੀ ਗੀਤਕਾਰੀ ਦੇ ਥੰਮ : ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ ਅੱਜ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਮੈਂ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੀ ਹਾਂ।’’

Share