ਗਿੱਧੇ-ਭੰਗੜੇ ਦੀ ਤਿਆਰ ਹੋ ਰਹੀ ਨਵੀਂ ਪਨੀਰੀ ਨੂੰ ਪਲੇਠੇ ਸਮਾਗਮ ‘ਚ ਵੰਡੇ ਸਰਟੀਫਿਕੇਟ

253
'ਰੂਹ ਪੰਜਾਬ ਦੀ' ਅਕੈਡਮੀ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਜਾਣ ਬਾਅਦ ਇਕ ਸਾਂਝੀ ਤਸਵੀਰ।
Share

-ਨਿਊਜ਼ੀਲੈਂਡ ਸਿੱਖ ਖੇਡਾਂ ‘ਚ ਪੇਸ਼ਕਾਰੀ ਲਈ ਵੀ ਮੈਡਲ ਤਕਸੀਮ ਕੀਤੇ

ਆਕਲੈਂਡ, 13 ਦਸੰਬਰ, (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਵਿਦੇਸ਼ੀ ਜਨਮੀ ਅਤੇ ਨਿਤ ਦਿਨ ਦੇਸੋਂ ਵਿਦੇਸ਼ ਹੋ ਰਹੀ ਨਵੀਂ ਪੀੜ੍ਹੀ ਨੂੰ ਆਪਣੇ ਲੋਕ ਰੰਗਾਂ ਅਤੇ ਲੋਕ ਨਾਚਾਂ ਦੇ ਨਾਲ ਜੋੜੀ ਰੱਖਣ ਦੇ ਲਈ ਸ. ਗੁਰਿੰਦਰ ਸਿੰਘ ਸੰਧੂ, ਮੈਡਮ ਦਮਨ ਸੰਧੂ ਅਤੇ ਮੈਡਮ ਹਰਜੀਤ ਕੌਰ ਹੋਰਾਂ ਦੀ  ਸਿਖਲਾਈ ਅਕੈਡਮੀ ‘ਰੂਹ ਪੰਜਾਬ ਦੀ’ ਨੇ ਅੱਜ ਸ਼ਾਮ ਆਪਣੇ ਪਲੇਠੇ ਸਮਾਗਮ ਦੇ ਵਿਚ ਲਗਪਗ 40 ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਸਮਾਗਮ ਦੀ ਸ਼ੁਰੂਆਤ ਰੇਡੀਏ ਸਪਾਈਸ ਦੀ ਪੇਸ਼ਕਾਰ ਹਰਜੀਤ ਕੌਰ ਅਤੇ ਅਕੈਡਮੀ ਦੇ ਟ੍ਰੇਨਰ ਰੋਮੀ ਨਿਊਜ਼ੀਲੈਂਡ ਨੇ ਆਏ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਤਿਕਾਰਤ ਸਖਸ਼ੀਅਤਾਂ ਨੂੰ ‘ਜੀ ਆਇਆ’ ਆਖ ਕੇ ਕੀਤੀ। ਸ. ਗੁਰਿੰਦਰ ਸਿੰਘ ਸੰਧੂ ਹੋਰਾਂ ‘ਰੂਹ ਪੰਜਾਬ ਦੀ’ ਅਕੈਡਮੀ ਦੀ ਸ਼ੁਰੂਆਤ ਬਾਰੇ ਵੇਰਵਾ ਦੱਸਿਆ ਅਤੇ ਸੰਖੇਪ ਸ਼ਬਦਾਂ ਵਿਚ ਵਿਰਸੇ ਦੀ ਪੁੰਗਰ ਰਹੀ ਫੁਲਵਾੜੀ ਤੋਂ ਉਮੜ ਰਹੀ ਖੁਸ਼ੀ ਦਾ ਪ੍ਰਗਟਾਅ ਕੀਤਾ। ਉਨ੍ਹਾਂ ਖਾਸ ਤੌਰ ‘ਤੇ ਮੈਡਮ ਆਪਣੀ ਜੀਵਨ ਸਾਥਣ ਦਮਨ ਸੰਧੂ ਹੋਰਾਂ ਦੇ ਸਹਿਯੋਗ ਦੀ ਦਾਦ ਦਿੱਤੀ। ਪ੍ਰਸਿੱਘ ਗੀਤਕਾਰ ਤੇ ਗਾਇਕ ਸੱਤਾ ਵੈਰੋਵਾਲੀਆ ਨੇ ਇਕ ਗੀਤ ਕਿਸਾਨੀ ਸ਼ੰਘਰਸ਼ ਨੂੰ ਸਮਰਪਿਤ ਕੀਤਾ ਜਿਸ ਦੇ ਬੋਲ ਸਨ ‘ਦਿੱਲੀਏ ਸਾਰੇ ਤੇਰੇ ਭੁਲੇਖੇ ਕਰਾਂਗੇ ਦੂਰ ਨੀ’ ਅਤੇ ਫਿਰ ਨਿਊਜ਼ੀਲੈਂਡ ਦੀ ਖੂਬਸੂਰਤੀ ਦਰਸਾਉਂਦਾ ਗੀਤ ‘ਸਕਾਈ ਟਾਵਰ ਔਕਲੈਂਡ’ ਵੀ ਪੇਸ਼ ਕੀਤਾ ਅਤੇ ਬੱਚਿਆਂ ਦੀ ਟ੍ਰੇਨਿੰਗ ਉਤੇ ਤਸੱਲੀ ਪ੍ਰਗਟ ਕੀਤੀ। ਬੱਚਿਆਂ ਨੂੰ ਸ਼ਾਬਾਸ਼ ਦੇਣ ਲਈ ਸ. ਅਜੀਤ ਸਿੰਘ, ਮਾਤਾ ਬੇਅੰਤ ਕੌਰ, ਸ. ਪਰਮਿੰਦਰ ਸਿੰਘ ਪਾਟਾਟੋਏਟੋਏ, ਸੰਦੀਪ ਬਾਠ ਹਮਿਲਟਨ, ਨਵਤੇਜ ਰੰਧਾਵਾ, ਗੁਰਸਿਮਰਨ ਮਿੰਟੂ, ਹਰਪ੍ਰੀਤ ਸਿੰਘ ਹੈਪੀ, ਹਰਮੀਕ ਸਿੰਘ, ਸ਼ਰਨਜੀਤ ਸਿੰਘ,  ਮੁਖਤਿਆਰ ਸਿੰਘ, ਹਰਮਨਪ੍ਰੀਤ ਸਿੰਘ, ਬਲਜਿੰਦਰ ਸੋਨੂ, ਗੁਰਿਦਰ ਸੈਣੀ ਅਤੇ ਹੋਰ ਕਈ ਸਖਸ਼ੀਅਤਾਂ ਪਹੁੰਚੀਆਂ ਸਨ ਜਿਨ੍ਹਾਂ ਚੋਂ ਕੁਝ ਨੇ ਦੋ-ਦੋ ਸ਼ਬਦਾਂ ਨਾਲ ਅਤੇ ਕੁਝ ਨੇ ਗੀਤਾਂ ਦੇ ਮੁੱਖੜੇ ਸੁਣਾ ਕੇ ਬੱਚਿਆਂ ਦੀ ਖੂਬ ਹੌਂਸਲਾ ਅਫਜਾਈ ਕੀਤੀ।  ਸਾਰੇ ਬੱਚਿਆਂ ਨੇ ਇਕੱਤਰ ਹੋ ਕੇ ਪਹਿਲੇ ਸਾਲ ਦੀ ਸੰਪੂਰਨਤਾ ਉਤੇ ਵੱਡਾ ਕੇਕ ਕੱਟਿਆ। ਗਿੱਧੇ ਭੰਗੜੇ ਦੀ ਸਿਖਲਾਈ ਲੈ ਚੁੱਕੇ ਬੱਚਿਆਂ ਨੂੰ ਮਾਤਾ ਬੇਅੰਤ ਕੌਰ ਅਤੇ ਸ. ਅਜੀਤ ਸਿੰਘ ਹੋਰਾਂ ਸਰਟੀਫਿਕੇਟ ਵੰਡੇ। ਇਸ ਮੌਕੇ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਗਿੱਧੇ ਅਤੇ ਭੰਗੜੇ ਦੇ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਵੀ ਤਕਸੀਮ ਕੀਤੇ ਗਏ ਕਿਉਂਕਿ ਖੇਡਾਂ ਦੌਰਾਨ ਇਹ ਦੇਣ ਤੋਂ ਰਹਿ ਗਏ ਸਨ। ਮਾਤਾ ਬੇਅੰਤ ਕੌਰ ਅਤੇ ਹਰਜੀਤ ਕੌਰ ਹੋਰਾਂ ਇਕ ਵਿਆਹ ਵਾਲਾ ਲੋਕ ਗੀਤ ਗਾ ਕੇ ਵੱਖਰਾ ਹੀ ਰੰਗ ਭਰਿਆ। ਅੰਤ ‘ਚ ਗੁਰਿੰਦਰ ਸੰਧੂ ਨੇ ਅਕੈਡਮੀ ਵੱਲੋਂ ਸਭ ਦਾ ਧਨਵਾਦ ਕੀਤਾ।


Share