ਗਾਇਕ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾ ਵਿਰੁੱਧ ਕੇਸ ਦਰਜ, ਡੀਜੀਪੀ ਨੇ ਡੀਐਸਪੀ ਨੂੰ ਕੀਤਾ ਮੁਅੱਤਲ

940
Share

ਚੰਡੀਗੜ੍ਹ, 4 ਮਈ (ਪੰਜਾਬ ਮੇਲ)- ਵਿਵਾਦਾਂ ਵਿਚ ਘਿਰੇ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਸੋਮਵਾਰ  ਨੂੰ ਮਾਮਲੇ ਦਰਜ ਕੀਤੇ ਹਨ। ਫਾਇਰਿੰਗ ਰੇਂਜ ਤੇ ਗੋਲੀ ਚਲਾਉਣ ਵਾਲੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਇਕ ਅਤੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ।
ਇਹ ਕੇਸ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਡੀਐਸਪੀ ਹੈਡਕੁਆਟਰ ਸੰਗਰੂਰ, ਦਲਜੀਤ ਸਿੰਘ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਉਕਤ ਮੁਲਾਜ਼ਮਾ ਉੱਤੇ ਤੇ ਡਿਊਟੀ ਦੌਰਾਨ ਅਪਰਾਧ ਕਰਨ ਦੇ ਦੋਸ਼ਾਂ ਸਬੰਧੀ  ਜਾਂਚ ਲੰਬਤ ਪਈ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਡੀਜੀਪੀ ਨੇ ਐਸਐਸਪੀ ਸੰਗਰੂਰ ਨੂੰ ਮੁਢਲੀ ਜਾਂਚ ਕਰਨ ਦੇ ਨਿਰਦੇਸ਼ ਦਿਤੇ, ਜਿਸ ਨੇ ਸਭ ਤੋਂ ਪਹਿਲਾਂ ਇਹ ਸਾਬਤ ਕੀਤਾ ਕਿ ਡੀਐਸਪੀ ਨੇ ਪਿੰਡ ਬਡਬਰ ਵਿੱਚ ਫਾਇਰਿੰਗ ਰੇਂਜ ਤੇ ਗੋਲੀ ਚਲਾਉਣ ਵਿੱਚ ਸਹਾਇਤਾ ਕੀਤੀ ਸੀ ਿੲਹ ਉਸ ਸਮੇਂ ਹੋਇਆ ਜਦੋਂ ਸਾਰਾ ਰਾਜ ਕਰਫਿਊ ਵਿੱਚ ਹੈ। ਰਿਪੋਰਟ ਮਿਲਣ ‘ਤੇ ਡੀਐਸਪੀ ਖਿਲਾਫ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਅਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤੇ ਗਏ।
ਡੀਜੀਪੀ ਨੇ ਡੀਐਸਪੀ ਦੁਆਰਾ ਉਸ ਨਾਲ ਜੁੜੇ ਪੁਲਿਸ ਮੁਲਾਜ਼ਮਾਂ ਨੂੰ ਅਣਅਧਿਕਾਰਤ ਤੌਰ ‘ਤੇ ਸ਼ੂਟਿੰਗ ਰੇਂਜ ‘ਤੇ ਤਾਇਨਾਤ ਕਰਨ ਅਤੇ ਇਕ ਅਧਿਕਾਰੀ ਦੀ ਗਲਤ ਢੰਗ ਨਾਲ ਕਾਰਵਾਈ ਕਰਨ ਕਰਕੇ ਸਖਤ ਨੋਟਿਸ ਲਿਆ।
ਇਸ ਸਬੰਧੀ  ਐਫਆਈਆਰ ਨੰ. 57 ਮਿਤੀ 4.5.20 ਨੂੰ ਆਈ.ਪੀ.ਸੀ ਦੀ ਧਾਰਾ 188 ਤਹਿਤ ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 ਤਹਿਤ ਥਾਣਾ ਧਨੌਲਾ, ਜ਼ਿਲ੍ਹਾ ਬਰਨਾਲਾ ਵਿਖੇ ਸਿੱਧੂ ਮੂਸੇਵਾਲਾ ਵਾਸੀ ਮਾਨਸਾ, ਕਰਮ ਸਿੰਘ ਲੇਲ੍ਹ ਵਾਸੀ ਸੰਗਰੂਰ, ਇੰਦਰ ਸਿੰਘ ਗਰੇਵਾਲ ਵਾਸੀ ਸੰਗਰੂਰ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ ਅਤੇ 5 ਪੁਲਿਸ ਅਧਿਕਾਰੀ, ਜਿਨ੍ਹਾਂ ਵਿਚ ਇਕ ਸਬ-ਇੰਸਪੈਕਟਰ, ਦੋ ਹੈਡ ਕਾਂਸਟੇਬਲ ਅਤੇ ਦੋ ਕਾਂਸਟੇਬਲ ਸ਼ਾਮਲ ਹਨ, ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਪੁਲਿਸ ਅਧਿਕਾਰੀ ਸੰਗਰੂਰ ਜ਼ਿਲ੍ਹਾ ਵਿੱਚ ਤਾਇਨਾਤ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਲੋਂ ਡੀਐਸਪੀ ਦਲਜੀਤ ਸਿੰਘ ਵਿਰਕ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰਨ ਲਈ ਰਾਜ ਦੇ ਗ੍ਰਹਿ ਵਿਭਾਗ ਨਾਲ ਰਾਬਤਾ ਕੀਤਾ ਗਿਆ ਹੈ।


Share