ਗਵਰਨਰ ਨਿਊਸਮ ਵੱਲੋਂ ਕੈਲੀਫੋਰਨੀਆ ਨੂੰ ਜਲਦ ਖੋਲ੍ਹਣ ਦਾ ਕੀਤਾ ਇਸ਼ਾਰਾ

1091
Share

ਸੈਕਰਾਮੈਂਟੋ, 29 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਇਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਕਾਰਨ ਕੀਤੇ ਗਏ ਲਾਕਡਾਊਨ ਨੂੰ ਜਲਦ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਚੱਲਦਿਆਂ ਬੰਦ ਹੋਏ ਕਾਰੋਬਾਰ ਜਲਦ ਖੋਲ੍ਹ ਦਿੱਤੇ ਜਾਣਗੇ, ਤਾਂਕਿ ਆਮ ਜਨਜੀਵਨ ਸਹੀ ਤਰੀਕੇ ਨਾਲ ਚੱਲ ਸਕੇ। ਉਨ੍ਹਾਂ ਆਪਣੇ ਬਿਆਨ ‘ਚ ਇਸ਼ਾਰਾ ਕੀਤਾ ਕਿ ਲਾਕਡਾਊਨ ਨੂੰ ਖੋਲ੍ਹਣ ਲਈ ਮਹੀਨੇ ਨਹੀਂ, ਸਿਰਫ ਹਫਤੇ ਹੀ ਲੱਗਣਗੇ।
ਇਸ ਦੇ ਨਾਲ-ਨਾਲ ਗਵਰਨਰ ਨਿਊਸਮ ਨੇ ਐਲਾਨ ਕੀਤਾ ਕਿ ਲਾਕਡਾਊਨ ਨੂੰ ਚਾਰ ਹਿੱਸਿਆਂ ਵਿਚ ਖੋਲ੍ਹਿਆ ਜਾ ਸਕਦਾ ਹੈ। ਪਰ ਇਸ ਦੇ ਨਾਲ-ਨਾਲ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਿਹਤ ਪੱਖੋਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਾਨੂੰ ਸਿਹਤ ਪਹਿਲਾਂ ਹੈ। ਪਰ ਮੇਰੀ ਕੋਸ਼ਿਸ਼ ਹੈ ਕਿ ਕੈਲੀਫੋਰਨੀਆ ਦੇ ਲੋਕ ਜਲਦ ਤੋਂ ਜਲਦ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਹਦਾਇਤ ਦਿੱਤੀ ਕਿ ਲੋਕ ਆਪਣੀ ਹਿਫਾਜ਼ਤ ਲਈ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਉਨ੍ਹਾਂ ਅੱਗੇ ਕਿਹਾ ਕਿ ਉਹ ਚੁਣੀਂਦਾ ਬਿਜ਼ਨਸ ਖੋਲ੍ਹੇ ਜਾ ਸਕਦੇ ਹਨ, ਜਿਨ੍ਹਾਂ ਵਿਚ ਜਾਨ ਦਾ ਖਤਰਾ ਘੱਟ ਹੋਵੇ। ਉਨ੍ਹਾਂ ਨੇ ਬਿਜ਼ਨਸ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਲਈ ਸੁਰੱਖਿਅਤ ਥਾਵਾਂ ਦਾ ਪ੍ਰਬੰਧ ਕਰਨ। ਗਵਰਨਰ ਨਿਊਸਮ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਲੂਨ, ਬਿਊਟੀ ਪਾਰਲਰ ਜਾਂ ਇਸ ਨਾਲ ਸੰਬੰਧਤ ਹੋਰ ਬਿਜ਼ਨਸ ਹਾਲੇ ਕੁੱਝ ਦੇਰੀ ਨਾਲ ਖੋਲ੍ਹੇ ਜਾ ਸਕਦੇ ਹਨ। ਉਨ੍ਹਾਂ ਵੱਡੇ ਇਕੱਠ ਵਾਲੇ ਸਮਾਗਮਾਂ ਤੋਂ ਪਰਹੇਜ਼ ਕਰਨ ਦੀ ਵੀ ਅਪੀਲ ਕੀਤੀ।
ਸਕੂਲਾਂ ਬਾਰੇ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਸਕੂਲ ਜੁਲਾਈ ਜਾਂ ਅਗਸਤ ਵਿਚ ਖੋਲ੍ਹ ਦਿੱਤੇ ਜਾਣਗੇ, ਤਾਂਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਅਮਰੀਕਾ ਭਰ ਵਿਚ ਤਕਰੀਬਨ ਹਰ ਸਟੇਟ ਵਿਚ ਲਾਕਡਾਊਨ ਚੱਲ ਰਿਹਾ ਹੈ। ਇਕ-ਦੋ ਸਟੇਟਾਂ ਵਿਚ ਹੀ ਥੋੜ੍ਹੀ ਬਹੁਤੀ ਖੁੱਲ੍ਹ ਦਿੱਤੀ ਗਈ ਹੈ।


Share