ਗਵਰਨਰ ਨਿਊਸਮ ਵੱਲੋਂ ਕੈਲੀਫੋਰਨੀਆ ਨੂੰ ਪੂਰਨ ਤੌਰ ’ਤੇ ਖੋਲ੍ਹਣ ਦਾ ਐਲਾਨ

188
Share

ਸੈਕਰਾਮੈਂਟੋ, 16 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਕ ਫੈਸਲਾ ਲੈਂਦਿਆਂ 15 ਜੂਨ ਤੋਂ ਸਥਾਨਕ ਨਿਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਵਿਡ-19 ਦੀ ਮਹਾਂਮਾਰੀ ਕਰਕੇ ਲੱਗੀਆਂ ਪਾਬੰਦੀਆਂ ਨੂੰ ਤਕਰੀਬਨ ਹਟਾ ਦਿੱਤਾ ਗਿਆ ਹੈ। ਇਹ ਪਾਬੰਦੀਆਂ 15 ਮਾਰਚ, 2020 ਤੋਂ ਲੱਗਣੀਆਂ ਸ਼ੁਰੂ ਹੋਈਆਂ ਸਨ। ਜਿਨ੍ਹਾਂ ਨਾਗਰਿਕਾਂ ਨੇ ਕੋਵਿਡ ਦੀ ਵੈਕਸੀਨ ਲਗਵਾ ਲਈ ਹੈ, ਉਨ੍ਹਾਂ ਨੂੰ ਮਾਸਕ ਪਹਿਨਣ ਦੀ ਅਤੇ ਸਮਾਜਿਕ ਦੂਰੀ ਦੀ ਜ਼ਰੂਰਤ ਨਹੀਂ ਹੈ। ਉਹ ਕਿਸੇ ਵੀ ਰੈਸਟੋਰੈਂਟ, ਬਾਜ਼ਾਰ, ਮੂਵੀ ਥੀਏਟਰ, ਬਾਰ ਜਾਂ ਹੋਰ ਜਨਤਕ ਥਾਵਾਂ ’ਤੇ ਆ-ਜਾ ਸਕਦੇ ਹਨ। ਪਰ ਪਬਲਿਕ ਟਰਾਂਜ਼ਿਟ, ਜਿਨ੍ਹਾਂ ਵਿਚ ਹਵਾਈ ਜਹਾਜ਼, ਸ਼ਿੱਪ, ਫੈਰੀ, ਟਰੇਨਾਂ, ਸਬਵੇਅਜ਼, ਬੱਸਾਂ, ਟੈਕਸੀਆਂ ਅਤੇ ਰਾਈਡ ਸ਼ੇਅਰਾਂ ’ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਫਿਲਹਾਲ ਸਕੂਲਾਂ ਵਿਚ ਮਾਸਕ ਲਾਜ਼ਮੀ ਰੱਖਿਆ ਗਿਆ ਹੈ। ਹਸਪਤਾਲਾਂ, ਸਟੇਟ ਅਤੇ ਹੋਰ ਦਫਤਰਾਂ, ਹੋਮਲੈੱਸ ਸ਼ੈਲਟਰ, ਐਮਰਜੈਂਸੀ ਸ਼ੈਲਟਰ ਅਤੇ ਕੂਲਿੰਗ ਸੈਂਟਰ ’ਤੇ ਵੀ ਮਾਸਕ ਲਾਉਣਾ ਲਾਜ਼ਮੀ ਹੋਵੇਗਾ।
ਜਿਨ੍ਹਾਂ ਲੋਕਾਂ ਨੇ ਟੀਕਾਕਰਣ ਨਹੀਂ ਕਰਵਾਇਆ, ਉਹ ਰੈਸਟੋਰੈਂਟ, ਮੂਵੀ ਥੀਏਟਰ, ਗਰੋਸਰੀ ਸਟੋਰ, ਹਸਪਤਾਲਾਂ ਆਦਿ ਵਿਚ ਬਿਨਾਂ ਮਾਸਕ ਤੋਂ ਨਹੀਂ ਜਾ ਸਕਣਗੇ।
ਜਿਨ੍ਹਾਂ ਲੋਕਾਂ ਨੇ ਟੀਕਾਕਰਨ ਕਰਵਾਇਆ ਹੈ, ਉਨ੍ਹਾਂ ਨੂੰ ਇਸ ਬਾਰੇ ਕਿਤੇ ਵੀ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਉਹ ਜ਼ੁਬਾਨੀ ਕਹਿ ਸਕਦੇ ਹਨ ਕਿ ਸਾਡੇ ਟੀਕਾ ਲੱਗਿਆ ਹੈ। ਕੈਲੀਫੋਰਨੀਆ ਪ੍ਰਸ਼ਾਸਨ ਅਨੁਸਾਰ, ਜਿੱਥੇ 5 ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਹੋਵੇਗਾ, ਉੱਥੇ ਕੋਵਿਡ-19 ਟੈਸਟ ਰਿਜ਼ਲਟ ਦੀ ਨੈਗੇਟਿਵ ਰਿਪੋਰਟ ਨਾਲ ਲਿਜਾਣੀ ਲਾਜ਼ਮੀ ਹੋਵੇਗੀ।
ਅਮਰੀਕਾ ’ਚ ਘਰੇਲੂ ਉਡਾਣਾਂ ਅਤੇ ਸਫਰ ਲਈ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਅੰਤਰਰਾਸ਼ਟਰੀ ਉਡਾਣਾਂ ਲਈ ਲੋਕਾਂ ਨੂੰ ਇਹ ਦੇਖਣਾ ਪਵੇਗਾ ਕਿ ਜਿਸ ਦੇਸ਼ ਵਿਚ ਉਹ ਜਾ ਰਹੇ ਹਨ, ਉਨ੍ਹਾਂ ਦੀ ਕੀ ਜ਼ਰੂਰਤ ਹੈ। ਗਵਰਨਰ ਨਿਊਸਮ ਅਨੁਸਾਰ ਜੇ ਆਉਣ ਵਾਲੇ ਸਮੇਂ ਵਿਚ ਦੁਬਾਰਾ ਮਹਾਂਮਾਰੀ ਦਾ ਪ੍ਰਕੋਪ ਸ਼ੁਰੂ ਹੁੰਦਾ ਹੈ, ਤਾਂ ਪਾਬੰਦੀਆਂ ਦੁਬਾਰਾ ਵੀ ਲਾਈਆਂ ਜਾ ਸਕਦੀਆਂ ਹਨ।


Share