ਗਰਲਫ੍ਰੈਂਡ ਦੀ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ‘ਚ ਸ਼ਖਸ ਨੂੰ ਮਿਲੀ 23 ਸਾਲ ਦੀ ਸਜ਼ਾ

27
Share

– ਮੌਤ ਦੇ 12 ਸਾਲ ਬਾਅਦ ਅਦਾਲਤ ਨੇ ਸੁਣਾਇਆ ਨਵਾਂ ਫੈਸਲਾ
– ਦੋਸ਼ੀ ਨੂੰ ਗਰਲਫਰੈਂਡ ਦੇ ਪਰਿਵਾਰ ਨੂੰ ਦੇਣੇ ਪੈਣਗੇ 115 ਕਰੋੜ ਰੁਪਏ
ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਇਕ ਸ਼ਖ਼ਸ ਨੇ ਆਪਣੀ ਗਰਲਫ੍ਰੈਂਡ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ ਵਿਚ ਦੋਸ਼ੀ ਸਾਬਤ ਹੋਣ ‘ਤੇ ਸ਼ਖ਼ਸ ਨੂੰ 23 ਸਾਲ ਦੀ ਸਜ਼ਾ ਹੋਈ। ਹੁਣ ਘਟਨਾ ਦੇ 12 ਸਾਲ ਬਾਅਦ ਅਦਾਲਤ ਨੇ ਇਸੇ ਮਾਮਲੇ ਵਿਚ ਇਕ ਨਵਾਂ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸ਼ਖ਼ਸ ਨੂੰ ਗਰਲਫ੍ਰੈਂਡ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੇ ਤੌਰ ‘ਤੇ ਕਰੀਬ 115 ਕਰੋੜ ਰੁਪਏ ਦੇਣ ਲਈ ਕਿਹਾ ਹੈ। ਮਾਮਲਾ ਅਮਰੀਕਾ ਦਾ ਹੈ।
ਈਅਰਡਲੀ ਲਵ ਦੇ ਕਤਲ ਦੇ ਮਾਮਲੇ ਵਿਚ ਜੌਰਜ ਹੁਗਲੀ ਫਿਲਹਾਲ 23 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਸਾਲ 2012 ਦੇ ਕ੍ਰਿਮੀਨਲ ਟ੍ਰਾਇਲ ਦੌਰਾਨ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਹੁਗਲੀ ਅਤੇ ਲਵ ਦੋਵੇਂ ਯੂਨੀਵਰਸਿਟੀ ਆਫ ਵਰਜੀਨੀਆ ਲਈ ਲੈਕ੍ਰੋਸ ਖੇਡਦੇ ਸਨ। ਉਹ ਦੋਵੇਂ 2 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਸਨ ਪਰ 3 ਮਈ 2010 ਨੂੰ ਲਵ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਈ ਗਈ ਸੀ। ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।
ਇਸ ਮਗਰੋਂ ਇਕ ਸਿਵਲ ਮੁਕੱਦਮੇ ਵਿਚ ਲਵ ਦੀ ਮੌਤ ਲਈ ਹੁਗਲੀ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਮੁਆਵਜ਼ੇ ਦੇ ਤੌਰ ‘ਤੇ 227 ਕਰੋੜ ਦਿਵਾਉਣ ਦੀ ਮੰਗ ਕੀਤੀ ਗਈ ਸੀ। ਫਿਰ ਜਿਊਰੀ ਨੇ ਮੁਆਵਜ਼ੇ ਦੇ ਤੌਰ ‘ਤੇ ਲਵ ਦੀ ਮਾਂ ਸ਼ੇਰੋਨ ਲਵ ਅਤੇ ਉਸ ਦੀ ਭੈਣ ਲੇਕਸੀ ਲਵ ਹੋਜੇਸ ਨੂੰ 57-57 ਕਰੋੜ ਰੁਪਏ ਦੇਣ ਦਾ ਫ਼ੈਸਲਾ ਸੁਣਾਇਆ। ਇਸ ਦੇ ਨਾਲ ਦੰਡਕਾਰੀ ਹਰਜਾਨੇ ਦੇ ਰੂਪ ਵਿਚ 1 ਕਰੋੜ ਡਾਲਰ ਦੇਣ ਲਈ ਕਿਹਾ। ਇਹ ਫ਼ੈਸਲਾ ਲਵ ਦੀ ਮੌਤ ਦੇ 12 ਸਾਲ ਬਾਅਦ ਆਇਆ ਹੈ। ਟ੍ਰਾਇਲ ਦੌਰਾਨ ਹੁਗਲੀ ਦੇ ਵਕੀਲ ਮੈਥਿਊ ਗ੍ਰੀਨ ਨੇ ਮੰਨਿਆ ਕਿ ਹੁਗਲੀ ਦੇ ਕਾਰਨ ਹੀ ਲਵ ਦੀ ਮੌਤ ਹੋਈ ਸੀ ਅਤੇ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ ਪਰ ਗ੍ਰੀਨ ਨੇ ਕਿਹਾ ਕਿ ਜਦੋਂ ਹੁਗਲੀ ਲਵ ਦੇ ਅਪਾਰਟਮੈਂਟ ਵਿਚ ਪਹੁੰਚਿਆ ਉਦੋਂ ਉਹ ਬਹੁਤ ਜ਼ਿਆਦਾ ਨਸ਼ੇ ਵਿਚ ਸੀ।
ਹੁਗਲੀ ਉੱਥੇ ਲਵ ਨੂੰ ਮਾਰਨ ਨਹੀਂ ਗਿਆ ਸੀ। ਉੱਥੇ ਲਵ ਦੇ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਹੁਗਲੀ ਅਤੇ ਲਵ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਨਹੀਂ ਚੱਲ ਰਿਹਾ ਸੀ। ਹੁਗਲੀ ਦੀ ਪੀਣ ਦੀ ਆਦਤ ਨੇ ਹੀ ਦੋਵਾਂ ਦੇ ਰਿਸ਼ਤੇ ਨੂੰ ਖਰਾਬ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਹੁਗਲੀ ਨੇ ਲਵਦੇ ਬੈੱਡਰੂਮ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਸੀ। ਇਸ ਮਗਰੋਂ ਉਸ ਨੇ ਲਵ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਅਪਾਰਟਮੈਂਟ ਵਿਚ ਛੱਡ ਕੇ ਚਲਾ ਗਿਆ। ਬਾਅਦ ਵਿਚ ਮੈਡੀਕਲ ਜਾਂਚਕਰਤਾ ਨੇ ਦੱਸਿਆ ਕਿ ਲਵ ਦੀ ਮੌਤ ਸਿਰ ‘ਤੇ ਡੂੰਘੀ ਸੱਟ ਲੱਗਣ ਕਾਰਨ ਹੋਈ ਸੀ। ਲਵ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਜਿਊਰੀ ਦੇ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਨਸ਼ੇ ਦਾ ਬਹਾਨਾ ਬਣਾ ਕੇ ਤੁਸੀਂ ਕਿਸੇ ਨਾਲ ਕੁੱਟਮਾਰ ਨਹੀਂ ਕਰ ਸਕਦੇ। ਹੁਗਲੀ ਨੇ ਅਖੀਰ ਵਿਚ ਲਵ ਦੀ ਮਾਂ ਅਤੇ ਭੈਣ ਤੋਂ ਲਵ ਦੇ ਕਤਲ ਲਈ ਮੁਆਫ਼ੀ ਵੀ ਮੰਗੀ।


Share