ਖੈਬਰ ਪਖਤੂਨਖਵਾ ਸਰਕਾਰ ਵੱਲੋਂ ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖ਼ਰੀਦਣ ਲਈ 2.35 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ

158
Share

ਪਿਸ਼ਾਵਰ, 2 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ ਨੇ ਸਥਾਨਕ ਸ਼ਹਿਰ ਅੰਦਰ ਸਥਿਤ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ ਲਈ ਖ਼ਰੀਦਣ ਲਈ ਅੱਜ 2.35 ਕਰੋੜ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਵੀ ਐਲਾਨਿਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਇਸ ਪ੍ਰਸਤਾਵ ਨੂੰ ਰਸਮੀ ਮਨਜ਼ੂਰੀ ਦਿੰਦਿਆਂ ਸਬੰਧਤ ਅਧਿਕਾਰੀਆਂ ਨੂੰ ਖੈਬਰ ਪਖਤੂਨਖਵਾ ਕਮਿਊਨੀਕੇਸ਼ਨ ਐਂਡ ਵਰਕਸ ਡਿਪਾਰਟਮੈਂਟ (ਸੀ.ਐਂਡ ਡਬਲਿਊ.) ਵੱਲੋਂ ਕੁਝ ਹਫ਼ਤੇ ਪਹਿਲਾਂ ਨਿਰਧਾਰਤ ਕੀਤੇ ਗਏ ਭਾਅ ’ਤੇ ਉਕਤ ਕਲਾਕਾਰਾਂ ਦੀਆਂ ਜੱਦੀ ਹਵੇਲੀਆਂ ਖ਼ਰੀਦਣ ਦੀ ਆਗਿਆ ਦਿੱਤੀ ਹੈ। ਪਿਸ਼ਾਵਰ ਦੇ ਡੀ.ਸੀ. ਮੁਹੰਮਦ ਅਲੀ ਅਸਗਰ ਨੇ ਦੱਸਿਆ ਕਿ ਸੀ.ਐਂਡ ਡਬਲਿਊ. ਦੀ ਰਿਪੋਰਟ ਮੁਤਾਬਕ ਦਿਲੀਪ ਕੁਮਾਰ ਦੇ ਚਾਰ ਮਰਲੇ (101 ਵਰਗ ਮੀਟਰ) ਦੇ ਘਰ ਲਈ 80.56 ਲੱਖ ਰੁਪਏ, ਜਦਕਿ ਰਾਜ ਕਪੂਰ ਦੇ ਛੇ ਮਰਲੇ (151.75 ਵਰਗ ਮੀਟਰ) ਦੇ ਘਰ ਲਈ 1.50 ਕਰੋੜ ਰੁਪਏ ਕੀਮਤ ਮਿਥੀ ਗਈ। ਕਿੱਸਾ ਖਵਾਨੀ ਬਾਜ਼ਾਰ ’ਚ ਸਥਿਤ ਰਾਜ ਕਪੂਰ ਦੇ ਜੱਦੀ ਘਰ, ਜਿਸ ਨੂੰ ‘ਕਪੂਰ ਹਵੇਲੀ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਉਸਾਰੀ ਉਨ੍ਹਾਂ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਵੱਲੋਂ 1918 ਤੋਂ 1922 ਦਰਮਿਆਨ ਕਰਵਾਈ ਗਈ ਸੀ।

Share