ਖੇਤੀ ਵਿਰੋਧੀ ਕਾਨੂੰਨ ਵਿਰੁੱਧ ਨਿਊਯਾਰਕ ਦੇ ਯੂ.ਐੱਨ.ਓ. ਸਾਹਮਣੇ ਸਿੱਖਾਂ ਵੱਲੋਂ ਰੋਸ ਮੁਜ਼ਾਹਰਾ

722
ਨਿਊਯਾਰਕ ਦੇ ਯੂ.ਐੱਨ.ਓ. ਸਾਹਮਣੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕ।

ਕਿਹਾ: ਕਿਸਾਨ ਵਿਰੋਧੀ ਨਰਿੰਦਰ ਮੋਦੀ ਦਾ ਇਹ ਕਾਲਾ ਕਾਨੂੰਨ, ਕਿਸਾਨਾਂ ਨੂੰ ਦਿੰਦਾ ਹੈ ਸ਼ਜਾ-ਏ-ਮੌਤ
ਨਿਊਯਾਰਕ, 30 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ ਹੁਣ ਇਹ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰ ਗਏ ਹਨ ਅਤੇ ਇਨ੍ਹਾਂ ਕਾਨੂੰਨਾ ਨੂੰ ਨੌਟੀਫਾਈਡ ਵੀ ਕਰ ਦਿੱਤਾ ਗਿਆ ਹੈ ਅਤੇ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਲੈ ਕੇ ਪੰਜਾਬ ਨਾਲ ਜੁੜੇ ਵਿਦੇਸ਼ਾਂ ‘ਚ ਵੱਸਦੇ ਐੱਨ.ਆਰ.ਆਈਜ਼ ਭਰਾਵਾਂ ‘ਚ ਇਸ ਖੇਤੀ ਵਿਰੋਧੀ ਕਾਨੂੰਨ ਨੂੰ ਲੈ ਕੇ ਕਾਫ਼ੀ ਗ਼ੁੱਸਾ ਹੈ ਅਤੇ ਉਨ੍ਹਾਂ ਯੂ.ਐੱਨ.ਓ. ਦੇ ਸਾਹਮਣਾ ਰੋਸ ਮੁਜ਼ਾਹਰਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਭਾਰਤੀ ਹਕੂਮਤ ਲਈ ਵੱਡੀ ਚੁਣੌਤੀ ਹੈ, ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂ.ਐੱਨ.ਓ., ਨਿਊਯਾਰਕ ਅਮਰੀਕਾ ‘ਚ ਵੀਡੀਉ ਕਾਲ ਦੁਆਰਾ ਆਪਣੇ ਝੂਠੇ ਲੋਕਤੰਤਰ ਦੇ ਦਮਗਜ਼ੇ ਕੁੱਲ ਦੁਨੀਆਂ ਮੋਹਰੇ ਮਾਰ ਰਿਹਾ ਸੀ, ਉਸ ਵੇਲੇ ਸਿੱਖ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕਸ਼ਮੀਰੀ ਸੰਘਰਸ਼ਸ਼ੀਲ ਸਾਂਝੇ ਤੌਰ ‘ਤੇ ਵੱਡੇ ਇਕੱਠ ਵਿਚ ਯੂਨਾਈਟਿਡ ਨੇਸ਼ਨ ਮੋਹਰੇ ਮੋਦੀ ਦੇ ਬਣਾਏ ਕਾਲੇ ਕਾਨੂੰਨਾਂ ਨੂੰ ਕੁੱਲ ਦੁਨੀਆਂ ਮੋਹਰੇ ਉਜਾਗਰ ਕਰ ਰਹੀਆਂ ਸਨ। ਇਹ ਖੇਤੀ ਵਿਰੋਧੀ ਪਾਸ ਕੀਤੇ ਗਏ ਕਾਨੂੰਨ ਦੇ ਵਿਰੋਧ ‘ਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਇਸ ਪ੍ਰੋਟੇਸਟ ਨੂੰ ਸਿੱਖਾਂ ਦੇ ਵੱਖੋ-ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨ ਅਤੇ ਕਿਸਾਨ ਆਰਡੀਨੈਂਸ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਪੰਜਾਬ ਤੋਂ ਉੱਠੀ ਅਵਾਜ਼ ਅੰਤਰਰਾਸ਼ਟਰੀ ਆਵਾਜ਼ ਬਣ ਚੁੱਕੀ ਹੈ। ਇਸ ਵਿਚ ਨਿਊਯਾਰਕ ਦੇ ਸਮੂਹ ਗੁਰਦੁਆਰਾ ਸਾਹਿਬ, ਸਿੱਖ ਜਥੇਬੰਦੀਆਂ ਅਤੇ ਸਿੱਖਾਂ ਦੀ ਨਿਊਯਾਰਕ ‘ਚ ਸਭ ਤੋਂ ਵੱਡੀ ਸੰਸਥਾ, ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿੱਲ ਨਿਊਯਾਰਕ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਇੱਕ ਮੈਮੋਰੰਡਮ ਵੀ ਯੂ.ਐੱਨ.ਓ. ਵਿਚ ਦਾਖਲ ਕਰਵਾਇਆ ਗਿਆ ਹੈ।