ਖੇਤੀ ਬਿੱਲ : ਸਰਦ ਰਾਤ ਬਿਤਾਉਣ ਮਗਰੋਂ ਸਵੇਰੇ ਲੰਗਰ ਛਕ ਕੇ ਮੁੜ ਜੋਸ਼ ਫੜ ਲੈਂਦੇ ਹਨ ਕਿਸਾਨ

494
Share

ਨਵੀਂ ਦਿੱਲੀ, 29 ਨਵੰਬਰ (ਪੰਜਾਬ ਮੇਲ)- ਸਿੰਘੂ ਬਾਰਡਰ ’ਤੇ ਦੋ ਦਿਨ ਤੋਂ ਧਰਨਾ ਲਾਈ ਬੈਠੇ ਕਿਸਾਨਾਂ ਦੀ ਸਵੇਰ ਨਵੇਂ ਉਤਸ਼ਾਹ ਨਾਲ ਚੜ੍ਹਦੀ ਹੈ। ਹਾਲਾਂ ਕਿ ਕਿਸਾਨਾਂ ਲਈ ਢੁਕਵੇਂ ਪ੍ਰਬੰਧ ਨਹੀਂ ਹਨ ਪਰ ਫਿਰ ਵੀ ਉਹ ਸਵੇਰੇ ਉੱਠ ਕੇ ਕੌਮੀ ਸ਼ਾਹਰਾਹ ‘ਤੇ ਵੱਖ-ਵੱਖ ਟੋਲਿਆਂ ਵਿੱਚ ਕਿਸਾਨੀ ਮੁੱਦਿਆਂ ਉਪਰ ਚਰਚਾ ਕਰਦੇ ਦੇਖੇ ਜਾ ਸਕਦੇ ਹਨ। ਪਿੱਛੇ ਪੰਜਾਬ ਤੇ ਹਰਿਆਣਾ ਵਿੱਚ ਪਰਿਵਾਰਾਂ ਨਾਲ ਮੋਬਾਈਲ ਫੋਨਾਂ ਰਾਹੀਂ ਰਾਬਤਾ ਬਣਾ ਕੇ ਇੱਥੋਂ ਦੇ ਹਾਲਤ ਬਾਰੇ ਦੱਸਦੇ ਹਨ। ਮੋਬਾਈਲ ਫੋਨਾਂ ਦੀਆਂ ਬੈਟਟਰੀਆਂ ਚਾਰਜ ਕਰਨ ਦੇ ਪ੍ਰਬੰਧ ਟਰਾਲੀਆਂ ਵਿੱਚ ਹੀ ਕੀਤੇ ਹੋਏ ਹਨ। ਸਰਦ ਰਾਤ ਬਿਤਾਉਣ ਮਗਰੋਂ ਸਵੇਰੇ ਲੰਗਰ ਛਕ ਕੇ ਮੁੜ ਜੋਸ਼ ਫੜ ਲੈਂਦੇ ਹਨ। ਬਜ਼ੁਰਗ ਕੋਸੀ ਧੁੱਪ ਸੇਕਦੇ ਹਨ। ਵੱਖ-ਵੱਖ ਟੋਲਿਆਂ ਵਿੱਚ ਖੁੰਡ ਚਰਚਾ ਵਰਗਾ ਮਾਹੌਲ ਵੀ ਕੌਮੀ ਸ਼ਾਹਰਾਹ ਉਪਰ ਬਣ ਜਾਂਦਾ ਹੈ। ਕਿਸਾਨ ਟਰਾਲੀਆਂ ਵਿਚ ਹੀ ਸੌਣ ਦੇ ਪ੍ਰਬੰਧ ਕਰਕੇ ਆੲੇ ਹਨ। ਨਾਲ ਲਿਆਂਦੇ ਡੈਕਾਂ ਉਪਰ ਪਹਿਲਾਂ ਗੁਰਬਾਣੀ ਜਾਂ ਧਾਰਮਿਕ ਗੀਤ ਵੱਜਦੇ ਹਨ ਤੇ ਕਿਸਾਨ ਟਰਾਲੀਆਂ ਵਿੱਚੋਂ ਨਿਕਲ ਕੇ ਮੰਚ ਵੱਲ ਵਧਣ ਲੱਗਦੇ ਹਨ। ਹਾਲਾਂ ਕਿ ਕਿਸਾਨ‌ ਮੀਡੀਆ ਦੇ ਇੱਕ ਹਿੱਸੇ ਤੋਂ ਖਾਸੇ ਖ਼ਫ਼ਾ ਹਨ ਪਰ ਟੀਵੀ ਚੈਨਲਾਂ ਦੇ ਮਾਈਕਾਂ ਅੱਗੇ ਉਹ ਝੁਰਮੁਟ ਵੀ ਝੱਟ ਬਣਾ ਲੈਂਦੇ ਹਨ।


Share