ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਧਰਨੇ

514
ਲਹਿਰਗਾਗਾ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜੁੜਿਆ ਇਕੱਠ।
Share

ਧਰਨਾਕਾਰੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
-ਬਠਿੰਡਾ, ਜਲੰਧਰ, ਤਲਵਾੜਾ, ਲਹਿਰਾਗਾਗਾ ਤੇ ਧੂਰੀ ’ਚ ਧਰਨੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ
-ਭਾਜਪਾ ਤੇ ਅਕਾਲੀ ਦਲ ’ਤੇ ਲਾਏ ਕਿਸਾਨੀ ਨਾਲ ‘ਛਲਾਵਾ’ ਕਰਨ ਦੇ ਦੋਸ਼
ਬਠਿੰਡਾ, 21 ਸਤੰਬਰ (ਪੰਜਾਬ ਮੇਲ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨੇ ਸੰਸਦ ’ਚ ਪਾਸ ਹੋਏ ਖੇਤੀ ਬਿੱਲਾਂ ਵਿਰੁੱਧ ਇੱਥੇ ਅਨਾਜ ਮੰਡੀ ਵਿਚ ਧਰਨਾ ਲਾਇਆ। ਆਗੂਆਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਖੇਤੀ ਸਬੰਧੀ ਬਿੱਲ ਜਿਸ ‘ਜਾਬਰ’ ਢੰਗ ਨਾਲ ਰਾਜ ਸਭਾ ’ਚੋਂ ਪਾਸ ਕਰਵਾਏ, ਉਸ ਨੇ ਦੇਸ਼ ਦੇ ਜਮਹੂਰੀ-ਤੰਤਰ ਨੂੰ ਲੀਰੋ-ਲੀਰ ਕਰ ਦਿੱਤਾ ਹੈ। ਹਰਸਿਮਰਤ ਬਾਦਲ ਵੱਲੋਂ ਕੇਂਦਰੀ ਮੰਤਰੀ ਵਜੋਂ ਦਿੱਤੇ ਅਸਤੀਫ਼ੇ ਨੂੰ ‘ਛਲਾਵਾ’ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ-ਭਿਆਲੀ ਅਜੇ ਵੀ ਬਰਕਰਾਰ ਹੈ। ਆਗੂਆਂ ਨੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਬਿਪਤਾ ਦੇ ਇਸ ਮੌਕੇ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ‘ਪੰਜਾਬ ਦਾ ਰਾਖਾ’ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪਾਸ ਹੋਏ ਬਿੱਲਾਂ ਨੂੰ ਅਦਾਲਤ ’ਚ ਕਾਨੂੰਨੀ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਧਰਨਾਕਾਰੀਆਂ ਨੇ ‘ਕਿਸਾਨ ਵਿਰੋਧੀ ਬਿੱਲ-ਵਾਪਸ ਲਓ’, ‘ਕਿਸਾਨਾਂ ਦਾ ਦੁਸ਼ਮਣ ਕੇਂਦਰ-ਮੁਰਦਾਬਾਦ’ ਆਦਿ ਨਾਅਰੇ ਲਾਏ। ਧਰਨੇ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ, ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੁੰਬਾ, ਵਾਈਸ ਚੇਅਰਮੈਨ ਅਸ਼ੋਕ ਭੋਲਾ, ਅਰੁਣ ਵਧਾਵਨ, ਸਤੀਸ਼ ਬੱਬੂ ਸਮੇਤ ਕਾਂਗਰਸ ਦੀ ਮੁਕਾਮੀ ਲੀਡਰਸ਼ਿਪ ਅਤੇ ਵਰਕਰ ਸ਼ਾਮਲ ਸਨ।
ਜਲੰਧਰ : ਲੋਕ ਸਭਾ ਅਤੇ ਰਾਜ ਸਭਾ ’ਚ ਖੇਤੀ ਬਿੱਲ ਪਾਸ ਹੋਣ ਮਗਰੋਂ ਪੰਜਾਬ ਵਿੱਚ ਸਿਆਸੀ ਪਾਰ ਤੇਜ਼ੀ ਨਾਲ ਚੜ੍ਹ ਗਿਆ ਹੈ। ਪੰਜਾਬ ਕਾਂਗਰਸ ਨੇ ਸੂਬੇ ਦੇ 117 ਪੰਜਾਬ ਵਿਧਾਨ ਸਭਾ ਹਲਕਿਆਂ ’ਚ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਜਲੰਧਰ ’ਚ 9 ਵਿਧਾਨ ਸਭਾ ਹਲਕਿਆਂ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦਾ ਰੋਸ ਪ੍ਰਦਰਸ਼ਨ ਕੁਕੜ ਪਿੰਡ ਵਿਚ ਵਿਧਾਇਕ ਪਰਗਟ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਕੇਂਦਰੀ ਵਿਧਾਨ ਸਭਾ ਹਲਕੇ ਦਾ ਰੋਸ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਦਫਤਰ ਅੱਗੇ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਕੀਤਾ ਗਿਆ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ 120 ਫੁੱਟੀ ਰੋਡ ’ਤੇ ਬਾਬੂ ਜਗਜੀਵਨ ਰਾਮ ਚੌਕ, ਉੱਤਰੀ ਹਲਕੇ ਦੇ ਵਿਧਾਇਕ ਬਾਵਾ ਅਵਤਾਰ ਹੈਨਰੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੋਢਲ ਚੌਕ ’ਤੇ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਨਕੋਦਰ, ਜੰਡਿਆਲਾ ਮੰਜਕੀ, ਕੁੱਕੜ ਪਿੰਡ, ਕਰਤਾਰਪੁਰ, ਲੋਹੀਆਂ, ਸ਼ੰਕਰ ਪਿੰਡ ਅਤੇ ਹੋਰਨਾਂ ਥਾਵਾਂ ’ਤੇ ਵੀ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਖੇਤੀ ਆਰਡੀਨੈਂਸਾਂ ਵਿਰੁੱਧ ਧਰਨੇ ਲਾਏ ਗਏ ਹਨ।
ਤਲਵਾੜਾ : ਖ਼ੇਤੀ ਬਿਲਾਂ ਖ਼ਿਲਾਫ਼ ਕਿਸਾਨਾਂ ਦੇ ਰੋਹ ਦਾ ਸੇਕ ਕੰਢੀ ਖ਼ੇਤਰ ’ਚ ਵੀ ਪਹੁੰਚ ਗਿਆ ਹੈ। ਕਾਂਗਰਸੀ ਵੀ ਬਿੱਲਾਂ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ। ਤਲਵਾੜਾ ’ਚ ਵਿਧਾਇਕ ਅਰੁਣ ਕੁਮਾਰ ਡੋਗਰਾ ਦੀ ਅਗਵਾਈ ’ਚ ਕਾਂਗਰਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ।
ਨਾਭਾ : ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸਾਬਕਾ ਕਾਂਗਰਸੀ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਕਈ ਵਾਰਡਾਂ ਵਿਚ ਰੋਸ ਮਾਰਚ ਕੱਢਿਆ ਅਤੇ ਪਟਿਆਲਾ ਗੇਟ ’ਤੇ ਧਰਨਾ ਵੀ ਲਗਾਇਆ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਬਿੱਲ ਪਾਸ ਕਰਨ ਮੌਕੇ ਜਿਸ ਤਰ੍ਹਾਂ ਜਮਹੂਰੀਅਤ ਦਾ ਕਤਲ ਕੀਤਾ ਗਿਆ, ਉਹ ਤਾਨਾਸ਼ਾਹੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸ਼੍ਰੀ ਧਰਮਸੋਤ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਖੇਤੀ ਬਿਲਾਂ ਨੂੰ ਘੋਖ ਪੜਤਾਲ ਲਈ ਮੁੜ ਸੰਸਦ ’ਚ ਭੇਜਣ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਅਤੇ ਹੋਰ ਕੌਂਸਲਰਾਂ ਨੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Share