ਖੇਤੀ ਬਿੱਲਾਂ ਦਾ ਵਿਰੋਧ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ’ਚ ਪ੍ਰਦਰਸ਼ਨ

620
-8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ
ਨਵੀਂ ਦਿੱਲੀ, 21 ਸਤੰਬਰ (ਪੰਜਾਬ ਮੇਲ)- ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਵੱਲੋਂ ਅੱਜ ਸੰਸਦ ਭਵਨ ਦੇ ਅਹਾਤੇ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਮਿਲ ਕੇ ਧਰਨਾ ਦਿੱਤਾ। ਵਿਰੋਧੀ ਧਿਰਾਂ ਨੇ ਜਿੱਥੇ ਰਾਜ ਸਭਾ ਵਿਚ ਵਿਰੋਧੀ ਧਿਰਾਂ ਦੇ ਅੱਠ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਖ਼ਿਲਾਫ਼ ਰੋਸ ਪ੍ਰਗਟਾਇਆ, ਉਥੇ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਸਰਕਾਰ ’ਤੇ ਖੇਤੀ ਬਾਰੇ ਬਿੱਲਾਂ ਨੂੰ ਧੱਕੇ ਨਾਲ ਪਾਸ ਕਰਨ ਦਾ ਦੋਸ਼ ਵੀ ਲਾਇਆ। ਸੰਸਦ ਮੈਂਬਰਾਂ ਵੱਲੋਂ ਹੱਥਾਂ ਵਿਚ ਫੜੀਆਂ ਤਖ਼ਤੀਆਂ ਉਪਰ ‘ਸੰਸਦ ਦੀ ਹੱਤਿਆ’, ‘ਲੋਕਤੰਤਰ ਦੀ ਹੱਤਿਆ’ ਜਿਹੇ ਨਾਅਰੇ ਲਿਖੇ ਹੋਏ ਸਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਟਵੀਟ ’ਚ ਕਿਹਾ, ‘ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਬਣਾਉਣ ਲਈ ਲੜ ਰਹੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣਾ ਮੰਦਭਾਗਾ ਹੈ ਤੇ ਇਹ ਤਾਨਾਸ਼ਾਹੀ ਸਰਕਾਰ ਦੇ ਇਸ ਮਨੋਬਿਰਤੀ ਨੂੰ ਦਰਸਾਉਂਦਾ ਹੈ ਕਿ ਉਹ ਜਮਹੂਰੀ ਕਦਰਾਂ ਕੀਮਤਾਂ ਤੇ ਸਿਧਾਂਤਾਂ ਦਾ ਸਤਿਕਾਰ ਨਹੀਂ ਕਰਦੇ। ਅਸੀਂ ਇਨ੍ਹਾਂ ਅੱਗੇ ਨਹੀਂ ਝੁਕਾਂਗੇ ਤੇ ਇਸ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਸੰਸਦ ਤੋਂ ਸੜਕਾਂ ਤੱਕ ਲੜਾਈ ਲੈ ਕੇ ਜਾਵਾਂਗੇ।’
ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਨੇ ਕਿਹਾ, ‘ਦੇਸ਼ ਦੇ ਕਰੋੜਾਂ ਕਿਸਾਨ ਹੁਣ ਉੱਠ ਖੜਨ, ਭਾਜਪਾ ਨੇ ਤੁਹਾਡੀ ਜ਼ਿੰਦਗੀ ਅਡਾਨੀ-ਅੰਬਾਨੀ ਜਿਹਿਆਂ ਅੱਗੇ ਗਹਿਣੇ ਧਰ ਦਿੱਤੀ ਹੈ। ਉੱਠ ਖੜ੍ਹੋ ਤੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰੋ। ਅਸੀਂ ਸੰਸਦ ਦੇ ਅੰਦਰ ਵਿਰੋਧ ਕਰ ਰਹੇ ਹਾਂ ਤੇ ਤੁਸੀਂ ਬਾਹਰ ਕਰੋ।’ ਸੀ.ਪੀ.ਐੱਮ. ਦੇ ਸੰਸਦ ਮੈਂਬਰ ਐਲਾਮਾਰਮ ਕਰੀਮ ਨੇ ਕਿਹਾ, ‘ਮੁਅੱਤਲੀ ਸਾਡਾ ਮੂੰਹ ਬੰਦ ਨਹੀਂ ਕਰ ਸਕਦੀ। ਅਸੀਂ ਕਿਸਾਨਾਂ ਦੀ ਇਸ ਲੜਾਈ ’ਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਸੰਸਦ ਮੈਂਬਰਾਂ ਦੀ ਮੁਅੱਤਲੀ ਨੇ ਭਾਜਪਾ ਦਾ ਡਰਾਕਲ ਚਿਹਰਾ ਸਾਰਿਆਂ ਸਾਹਮਣੇ ਲੈ ਆਂਦਾ ਹੈ।’