ਖੇਤੀ ਬਿੱਲਾਂ ਦਾ ਵਿਰੋਧ ‘ਚ ਕਿਸਾਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਅਰਥੀ ਫੂਕ ਸਿਆਪਾ’ ਕੀਤਾ

663

ਬਠਿੰਡਾ, 20 ਸਤੰਬਰ (ਪੰਜਾਬ ਮੇਲ)- ਕਿਸਾਨ ਧਿਰਾਂ ਦੇ ਸਾਂਝੇ ਸੱਦੇ ’ਤੇ ਅੱਜ ਇਥੇ ਬੀਕੇਯੂ (ਸਿੱਧੂਪੁਰ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਅਰਥੀ ਫੂਕ ਸਿਆਪਾ’ ਕੀਤਾ। ਸਰਕਾਰ ਤੋਂ ਮੰਗ ਕੀਤੀ ਗਈ ਕਿ ਲੋਕ ਸਭਾ ’ਚ ਪਾਸ ਹੋਏ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ। ਇਕ ਅਪੀਲ ਰਾਹੀਂ ਸੱਤਾ-ਵਿਰੋਧੀ ਸਿਆਸੀ ਪਾਰਟੀਆਂ ਨੂੰ ਰਾਜ ਸਭਾ ’ਚ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਅਤੇ ਕਿਸਾਨਾਂ ਦੇ ਸਮਰਥਨ ਵਿਚ ਡਟਣ ਲਈ ਆਖਿਆ ਗਿਆ। ਬੁਲਾਰਿਆਂ ‘ਕਰੋ ਜਾਂ ਮਰੋ’ ਦੀ ਗੱਲ ਕੀਤੀ। ਵਿਖਾਵਾਕਾਰੀਆਂ ਦੀ ਅਗਵਾਈ ਬੀਕੇਯੂ(ਸਿੱਧੂਪੁਰ) ਦੇ ਆਗੂ ਬਲਦੇਵ ਸਿੰਘ ਸੰਦੋਹਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਕੀਤੀ। 30 ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਆਰਡੀਨੈਂਸਾਂ ਖਿਲਾਫ ਦਿੱਤੇ ਸੱਦੇ ਤੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸ ਕਿਸਾਨ, ਮਜ਼ਦੂਰ, ਆੜਤੀਆਂ ਅਤੇ ਸਮੁੱਚੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਣਗੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਭਵਾਨੀਗੜ੍ਹ, ਮੁਨੀਮ ਯੂਨੀਅਨ, ਆਪ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੀ ਹਾਜ਼ਰ ਸਨ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਕ ਮੰਚ ‘ਤੇ ਇਕੱਠੀਆਂ ਹੋਈਆਂ ਹਨ। ਇਸ ਇਕਜੁਟਤਾ ਦਾ ਅਸਰ ਪਿੰਡ ਪਿੰਡ ਦਿਖਾਈ ਦੇਣ ਲੱਗਿਆ ਹੈ। ਅੱਜ ਵੱਖ ਵੱਖ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਅੱਜ ਟੱਲੇਵਾਲ ਖੇਤਰ ਦੇ ਪਿੰਡ ਚੀਮਾ, ਪੱਖੋ ਕੈਂਚੀਆਂ ਅਤੇ ਗਾਗੇਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਡਕੌਂਦਾ, ਰਾਜੇਵਾਲ, ਸਿੱਧੂਪੁਰ ਅਤੇ ਉਗਰਾਹਾਂ ਵੱਲੋਂ ਮਿਲ ਕੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਆਗੂ ਸਿਕੰਦਰ ਸਿੰਘ ਮਾਨ, ਦਰਸ਼ਨ ਸਿੰਘ ਉਗੋਕੇ , ਜਸਵੀਰ ਸਿੰਘ ਸੁਖਪੁਰਾ, ਬਲਵਿੰਦਰ ਸਿੰਘ ਦੁੱਗਲ, ਦਰਸ਼ਨ ਸਿੰਘ ਚੀਮਾ ਅਤੇ ਮਿੱਤਰਪਾਲ ਸਿੰਘ ਗਾਗੇਵਾਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਲਈ ਇਹ ਸ਼ੁਭ ਸੰਕੇਤ ਹੈ ਕਿ ਸਮੂਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਨਿੱਤਰੀਆਂ ਹਨ।