ਖੇਤੀ ਬਿਲਾਂ ਦੇ ਵਿਰੋਧ ‘ਚ ਲਾਏ ਕਿਸਾਨ ਮੋਰਚੇ ਦੌਰਾਨ ਪਿੰਡ ਬਾਦਲ ‘ਚ ਸਲਫ਼ਾਸ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ

651
Share

ਲੰਬੀ, 18 ਸਤੰਬਰ (ਪੰਜਾਬ ਮੇਲ)- ਖੇਤੀ ਬਿੱਲਾਂ ਖ਼ਿਲਾਫ਼ ਅੱਜ ਸਵੇਰੇ ਪਿੰਡ ਬਾਦਲ ‘ਚ ਲਾਏ ਕਿਸਾਨ ਮੋਰਚੇ ‘ਚ ਸਲਫ਼ਾਸ ਨਿਗਲਣ ਵਾਲੇ ਕਿਸਾਨ ਦੀ ਬਠਿੰਡਾ ਦੇ ਮੈਕਸ ਹਸਪਤਾਲ ‘ਚ ਦੇਰ ਸ਼ਾਮ ਮੌਤ ਹੋ ਗਈ। ਬਠਿੰਡਾ ਦੇ ਐੱਸ.ਐੱਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੀੜਤ ਕਿਸਾਨ ਪ੍ਰੀਤਮ ਸਿੰਘ (55) ਮਾਨਸਾ ਜ਼ਿਲ੍ਹੇ ਦੇ ਪਿੰੰਡ ਅੱਕਾਂਵਾਲੀ ਦਾ ਰਹਿਣ ਵਾਲਾ ਸੀ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਬਾਦਲ ‘ਚ ਦਾਖਲ ਕਰਵਾਇਆ ਗਿਆ ਹੈ, ਪਰ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਸੀ। ਮਰਹੂਮ ਕਿਸਾਨ ਪ੍ਰੀਤਮ ਸਿੰਘ ਦਾ ਪਰਿਵਾਰ ਵੀ ਕਿਸਾਨੀ ਦੇ ਰਵਾਇਤੀ ਕਰਜ਼ਿਆਂ ਦੇ ਦੈਂਤ ਦਾ ਸ਼ਿਕਾਰ ਹੈ। 6-7 ਏਕੜ ਵਾਲੇ ਤੰਗੀ-ਤੁਰਸ਼ੀਆਂ ਦੇ ਮਾਰੇ ਤਿੰਨ ਭਰਾਵਾਂ ਦੇ ਪਰਿਵਾਰ ‘ਚ ਸਿਰਫ਼ ਇੱਕ ਭਰਾ ਹੀ ਵਿਆਹਿਆ ਹੋਇਆ ਹੈ। ਇਸ ਪਰਿਵਾਰ ਸਿਰ 12-13 ਲੱਖ ਰੁਪਏ ਦਾ ਕਰਜ਼ਾ ਹੈ। ਪ੍ਰੀਤਮ ਸਿੰਘ ਦੇ ਭਤੀਜੇ ਬਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਚਾਚਾ ਭਾਕਿਯੂ ਏਕਤਾ ਉਗਰਾਹਾਂ ਦੇ ਹਰੇਕ ਸੰਘਰਸ਼ ਦਾ ਹਿੱਸਾ ਬਣਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ‘ਚ ਪੰਜਾਬ ਦੇ 5-6 ਜ਼ਿਲ੍ਹਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖਿਲਾਫ਼ 6 ਰੋਜ਼ਾ ਮੋਰਚੇ ‘ਤੇ ਡਟੇ ਹੋਏ ਹਨ।


Share