ਖੇਤੀ ਕਾਨੂੰਨ ਵਿਰੁੱਧ ਲੜਾਈ ਲਈ ਸਭ ਜਥੇਬੰਦੀਆਂ ਨੂੰ ਇਕ ਪਲੇਟਫਾਰਮ ‘ਤੇ ਆਉਣ ਦਾ ਸੱਦਾ

628
ਜਲੰਧਰ ਕਾਨਫਰੰਸ ਬਾਅਦ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਰੋਸ ਮਾਰਚ ਦਾ ਦ੍ਰਿਸ਼।

ਜਲੰਧਰ, 30 ਸਤੰਬਰ (ਮੇਜਰ ਸਿੰਘ/ਪੰਜਾਬ ਮੇਲ)-ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਕਿਸਾਨ ਯੂਨੀਅਨ ਦੀ ਸੂਬਾਈ ਕਾਨਫ਼ਰੰਸਾਂ ਨੇ ਸੱਦਾ ਦਿੱਤਾ ਕਿ ਕਿਸਾਨੀ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰਨ ਵਾਲੇ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਨੂੰ ਸਫਲਤਾ ਤੱਕ ਪੁਹੰਚਾਉਣ ਲਈ ਸਭ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਉਸਾਰਨਾ ਚਾਹੀਦਾ ਹੈ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਸਭ ਵਰਗ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਹਨ ਤੇ ਪੰਜਾਬ ਦੇ ਕਿਸਾਨਾਂ ਦੀ ਵੀ ਆਵਾਜ਼ ਹੈ ਕਿ ਨਵੇਂ ਕਾਨੂੰਨ ਰੱਦ ਕਰਵਾਉਣ ਲਈ ਇਕਮੁੱਠ ਹੋ ਕੇ ਸਾਂਝਾ ਸੰਘਰਸ਼ ਲੜਿਆ ਜਾਵੇ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਦੀ ਤੰਗ-ਨਜ਼ਰੀ ਤੇ ਹਊਮੈ ਕਾਰਨ ਇਕ ਥੜ੍ਹਾ ਖੜ੍ਹਾ ਕਰਨ ‘ਚ ਰੁਕਾਵਟ ਬਣ ਰਹੀ ਹੈ। ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ, ਜਨਰਲ ਸਕੱਤਰ ਰਛਪਾਲ ਸਿੰਘ ਤੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਭਨਾਂ ਜਥੇਬੰਦੀਆਂ ਨੂੰ ਇਕ ਥਾਂ ਇਕੱਠਾ ਕਰਨ ਲਈ ਸਿਰਤੋੜ ਯਤਨ ਕਰੇਗੀ। ਕਾਨਫ਼ਰੰਸ ਨੂੰ ਉੱਘੇ ਆਰਥਿਕ ਮਾਹਿਰ ਡਾ. ਗਿਆਨ ਸਿੰਘ ਨੇ ਖੇਤੀ ਕਾਨੂੰਨਾਂ ਤੇ ਉਨ੍ਹਾਂ ਦੇ ਕਿਸਾਨਾਂ ਉੱਪਰ ਪੈਣ ਵਾਲੇ ਦੁਰਪ੍ਰਭਾਵਾਂ ਬਾਰੇ ਚਾਨਣਾ ਪਾਇਆ। ਕਾਨਫ਼ਰੰਸ ਤੋਂ ਬਾਅਦ ਇਕੱਤਰ ਕਿਸਾਨਾਂ ਨੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ। ਕਾਨਫ਼ਰੰਸ ਨੂੰ ਧਨਵੰਤ ਸਿੰਘ ਖਤਰਾਏ, ਸੁਖਰਾਜ ਸਿੰਘ ਛੀਨਾ, ਬਲਵਿੰਦਰ ਸਿੰਘ ਬਾਜਵਾ, ਪ੍ਰਭਜੀਤ ਸਿੰਘ ਤਿੰਮੋਵਾਲ, ਪ੍ਰਸ਼ੋਤਮ ਸਿੰਘ ਗਹਿਰੀ, ਦਿਲਬਾਗ ਸਿੰਘ ਫ਼ਤਹਿਗੜ੍ਹ ਚੂੜੀਆਂ ਤੇ ਸੁਰਿੰਦਰ ਸਿੰਘ ਗੁਰਦਾਸਪੁਰ ਨੇ ਵੀ ਸੰਬੋਧਨ ਕੀਤਾ।