ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਨੇ ਬੁਲਾਏ ਪੰਜਾਬ ਬੀਜੇਪੀ ਦੇ ਲੀਡਰ

505
Share

ਚੰਡੀਗੜ੍ਹ, 5 ਜਨਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਨੂੰ ਲੈ ਕੇ ਕਸੂਤੀ ਘਿਰੀ ਮੋਦੀ ਸਰਕਾਰ ਹੁਣ ਇਸ ਦਾ ਜਲਦ ਤੋਂ ਜਲਦ ਹੱਲ ਕੱਢਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਜ਼ਾ ਅਸਲੀਅਤ ਜਾਣਨ ਲਈ ਅੱਜ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਕਰਨਗੇ।
ਸੂਤਰਾਂ ਮੁਤਾਬਕ ਅੱਜ ਸ਼ਾਮ ਮੋਦੀ ਪੰਜਾਬ ਬੀਜੇਪੀ ਦੇ ਦੋ ਲੀਡਰਾਂ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਨਾਲ ਮੁਲਾਕਾਤ ਕਰਨਗੇ। ਮੋਦੀ ਨਾਲ ਪੰਜਾਬ ਦੇ ਲੀਡਰਾਂ ਦੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮੋਦੀ ਕਿਸਾਨ ਅੰਦੋਲਨ ਬਾਰੇ ਪੰਜਾਬ ਦੇ ਲੀਡਰਾਂ ਨਾਲ ਵਿਚਾਰ-ਚਰਚਾ ਕਰਨਗੇ। ਮੋਦੀ ਇਨ੍ਹਾਂ ਲੀਡਰਾਂ ਤੋਂ ਜ਼ਮੀਨੀ ਪੱਧਰ ‘ਤੇ ਰਿਪੋਰਟ ਲੈਣਗੇ।
ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਮੀਟਿੰਗ ਤੋਂ ਬਾਅਦ ਮੋਦੀ ਤੇ ਅਮਿਤ ਸ਼ਾਹ ਖੁਦ ਇਸ ਮਸਲੇ ਨੂੰ ਹੱਲ ਕਰਨ ਲਈ ਜੁਟੇ ਹਨ। ਸੋਮਵਾਰ ਦੀ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਸਪਸ਼ਟ ਹੋ ਗਿਆ ਹੈ ਕਿ ਕਿਸਾਨ ਕਾਨੂੰਨ ਵਾਪਸੀ ਤੋਂ ਘੱਟ ਨਹੀਂ ਮੰਨਣਗੇ। ਖੇਤੀ ਮੰਤਰੀ ਨੇ ਆਖਰ ਵਿੱਚ ਖੁਦ ਕਿਸਾਨਾਂ ਨੂੰ ਪੁੱਛਿਆ ਸੀ ਕਿ ਕਾਨੂੰਨ ਰੱਦ ਕਰਨ ਤੋਂ ਘੱਟ ਨਹੀਂ ਮੰਨੋਗੇ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਤਾਂ ਕਰਨਾ ਹੀ ਪਏਗਾ।


Share