ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਕਾ ਜਾਮ ਦੇ ਦਿੱਤੇ ਸੱਦੇ ਦਾ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ’ਚ ਭਰਵਾਂ ਹੁੰਗਾਰਾ

375
ਹਰਿਆਣਾ ਦੇ ਕੁੰਡਲੀ ’ਚ ਕੇ.ਐੱਮ.ਪੀ. ਐਕਸਪ੍ਰੈੱਸਵੇਅ ਨੂੰ ਰੋਕਦੇ ਹੋਏ ਕਿਸਾਨ।
Share

-ਦਿੱਲੀ ’ਚ ਕਈ ਪ੍ਰਦਰਸ਼ਨਕਾਰੀ ਲਏ ਹਿਰਾਸਤ ’ਚ
– ਚੱਕਾ ਜਾਮ ਦੀ ਸਮਾਪਤੀ ਮੌਕੇ ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾਏ
ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਖੇਤੀ ਕਾਨੂੰਨ ਰੱਦ ਕਰਵਾਉਣ, ਇੰਟਰਨੈੱਟ ਬੰਦ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਘੰਟਿਆਂ ਲਈ ਦੇਸ਼ ਭਰ ’ਚ ਦਿੱਤੇ ‘ਚੱਕਾ ਜਾਮ’ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਅਸਾਮ, ਤਿਲੰਗਾਨਾ, ਮਹਾਰਾਸ਼ਟਰ, ਤਿ੍ਰਪੁਰਾ ਅਤੇ ਹੋਰ ਰਾਜਾਂ ਵਿਚ ਕਿਸਾਨਾਂ ਨੇ ਕੌਮੀ ਅਤੇ ਰਾਜਮਾਰਗਾਂ ਉਪਰ ਸ਼ਾਂਤਮਈ ਧਰਨੇ ਦੇ ਕੇ ਕੇਂਦਰ ’ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ। ਦਿੱਲੀ ਸਮੇਤ ਕਈ ਸੂਬਿਆਂ ’ਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ।
ਚੱਕਾ ਜਾਮ ਦੀ ਸਮਾਪਤੀ ’ਤੇ ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾ ਕੇ ‘ਕਿਸਾਨ ਏਕਤਾ’ ਦਾ ਮੁਜ਼ਾਹਰਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਗੱਲਬਾਤ ਲਈ ਮਾਹੌਲ ਸਾਜ਼ਗਾਰ ਬਣਾਉਣ ਵਾਸਤੇ ਸਰਕਾਰ ਕਿਸਾਨ ਅੰਦੋਲਨ ਦੌਰਾਨ ਗਿ੍ਰਫ਼ਤਾਰ ਕੀਤੇ ਗਏ ਅੰਦੋਲਨਕਾਰੀਆਂ ਨੂੰ ਰਿਹਾਅ ਕਰੇ, ਮੋਰਚਿਆਂ ਕੋਲ ਬੰਦ ਕੀਤੀਆਂ ਇੰਟਰਨੈੱਟ ਸਹੂਲਤਾਂ ਬਹਾਲ ਕੀਤੀਆਂ ਜਾਣ, ਉਸਾਰੇ ਗਏ ਬੈਰੀਕੇਡਾਂ ਨੂੰ ਹਟਾਇਆ ਜਾਵੇ ਅਤੇ ਕਿਸਾਨ ਆਗੂਆਂ, ਹਮਦਰਦਾਂ ਤੇ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਰੱਦ ਕੀਤੇ ਜਾਣ। ਦਿੱਲੀ, ਉਤਰ ਪ੍ਰਦੇਸ਼ ਅਤੇ ਉਤਰਾਖੰਡ ’ਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਇਨ੍ਹਾਂ ਸੂਬਿਆਂ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਰਾਹ ਰੋਕੇ ਗਏ। ਦਿੱਲੀ ਦੇ ਆਈ.ਟੀ.ਓ. ਨੇੜੇ ਕਿਸਾਨਾਂ ਦੇ ਪੱਖ ’ਚ ਖੱਬੀਆਂ ਧਿਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਜਿਵੇਂ ਹੀ ਅੱਗੇ ਵਧਣ ਲੱਗੇ ਤਾਂ ਦਿੱਲੀ ਪੁਲਿਸ ਨੇ ਸ਼ਹੀਦੀ ਪਾਰਕ ਨੇੜੇ ਕਰੀਬ 50 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ। ਦਿੱਲੀ ਪੁਲਿਸ ਨੇ ਅੱਜ ਕੌਮੀ ਰਾਜਧਾਨੀ ’ਚ ਸੁਰੱਖਿਆ ਦੇ ਬੰਦੋਬਸਤ ਕਰਦਿਆਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਸਨ।

Share