ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਤੇ ਹਰਿਆਣਾ ‘ਚ ਕਿਸਾਨਾਂ ਵੱਲੋਂ ਰਿਲਾਇੰਸ ਪੈਟਰੋਲ ਪੰਪਾਂ ਅੱਗੇ ਪ੍ਰਦਰਸ਼ਨ

833

ਸਰਦੂਲਗੜ੍ਹ, 4 ਅਕਤੂਬਰ (ਪੰਜਾਬ ਮੇਲ)-ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਰੇਲਾਂ, ਰਿਲਾਇੰਸ ਪੰਪਾਂ, ਟੌਲ ਬੈਰੀਅਰਾਂ ਅਤੇ ਸ਼ਾਪਿੰਗ ਮਾਲਾਂ ਆਦਿ ਦਾ ਘਿਰਾਓ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਹੀ ਸਰਦੂਲਗੜ੍ਹ ਵਿਖੇ ਰਿਲਾਇੰਸ ਪੰਪ ਦਾ ਘਿਰਾਓ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਤੇਜ ਸਿੰਘ ਜਟਾਣਾ ਕਲਾਂ, ਬਿੰਦਰ ਸਿੰਘ ਝੰਡਾ ਕਲਾਂ ਅਤੇ ਬੀਬਾ ਨਰਿੰਦਰ ਕੌਰ ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਸੰਘਰਸ਼ ਜਾਰੀ ਰਹੇਗਾ।
ਸਿਰਸਾ : ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਰੋਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਜਿਥੇ ਭਾਜਪਾ ਆਗੂਆਂ ਦਾ ਬਾਈਕਾਟ ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਰਿਲਾਇੰਸ ਦੇ ਪੰਪਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤੇ ਜੀਓ ਦੇ ਸਿਮ ਸਾੜੇ ਜਾ ਰਹੇ ਹਨ। ਕੁਝ ਕਿਸਾਨਾਂ ਵੱਲੋਂ ਅਸਹਿਯੋਗ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਪਰਾਲੀ ਨੂੰ ਅੱਗ ਲਾ ਕੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕਰਨਗੇ।
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਰੋਹ ਜਾਰੀ ਹੈ। ਡੇਢ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ 6 ਅਕਤੂਬਰ ਨੂੰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਤਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਦਾ ਘੇਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਸ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਰਣਜੀਤ ਸਿੰਘ ਦੇ ਘਰ ਦਾ ਘਿਰਾਓ ਕਰਨ ਵਾਲੇ ਅੰਦੋਲਨ ਵਿਚ ਸ਼ਾਮਲ ਹੋਣਗੇ। ਉਧਰ ਅਖਿਲ ਭਾਰਤੀ ਸਵਾਮੀਨਾਥਨ ਸੰਘਰਸ਼ ਸਮਿਤੀ ਦੇ ਆਗੂ ਵਿਕਲ ਪਚਾਰ ਨੇ ਕਿਹਾ ਹੈ ਕਿ ਉਹ ਸਰਕਾਰ ਖ਼ਿਲਾਫ਼ ਅਸਹਿਯੋਗ ਅੰਦੋਲਨ ਚਲਾਉਣਗੇ। ਇਸ ਦੀ ਸ਼ੁਰੂਆਤ ਉਹ ਐਤਕੀਂ ਪਰਾਲੀ ਨੂੰ ਅੱਗ ਲਾ ਕੇ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਇਸ ਅੰਦੋਲਨ ਦੀ ਲੜੀ ‘ਚ ਭਾਜਪਾ ਦੇ ਜਜਪਾ ਆਗੂਆਂ ਦਾ ਪਿੰਡਾਂ ਵਿਚ ਆਉਣ ‘ਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ।