ਖੇਤੀ ਕਾਨੂੰਨਾਂ ਦਾ ਵਿਰੋਧ: ਸੰਗਰੂਰ ‘ਚ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਕਾਰ ਮਾਹੌਲ ਤਣਾਅਪੂਰਨ ਹੋਣ ਤੋਂ ਬਚਾਅ

593
Share

ਸੰਗਰੂਰ, 24 ਅਕਤੂਬਰ (ਪੰਜਾਬ ਮੇਲ)- ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ 24ਵੇਂ ਦਿਨ ਵੀ ਸੈਂਕੜੇ ਕਿਸਾਨ ਤੇ ਬੀਬੀਆਂ ਇਥੇ ਰੇਲਵੇ ਸਟੇਸ਼ਨ ‘ਤੇ ਡਟੇ ਰਹੇ ਅਤੇ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਭੰਡਿਆ। ਧਰਨੇ ਦੌਰਾਨ ਜਿਉਂ ਹੀ ਪਤਾ ਲੱਗਿਆ ਕਿ ਸ਼ਹਿਰ ‘ਚ ਡਾ. ਬੀ.ਆਰ. ਅੰਬਡੇਕਰ ਦੇ ਬੁੱਤ ਕੋਲ ਭਾਜਪਾ ਵਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਤਾਂ ਸੈਂਕੜੇ ਕਿਸਾਨਾਂ ਵਲੋਂ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਰੋਸ ਮਾਰਚ ਸ਼ੁਰੂ ਕਰ ਦਿੱਤਾ। ਜਦੋਂ ਤੱਕ ਕਿਸਾਨਾਂ ਦਾ ਰੋਸ ਮਾਰਚ ਉਥੇ ਪਹੁੰਚਦਾ ਉਦੋਂ ਤੱਕ ਭਾਜਪਾ ਦਾ ਪ੍ਰੋਗਰਾਮ ਖਤਮ ਹੋ ਚੁੱਕਿਆ ਸੀ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋਣ ਤੋਂ ਬਚਾਅ ਹੋ ਗਿਆ।
ਭਾਜਪਾ ਵਿਰੋਧੀ ਰੈਲੀ ਨੂੰ ਬੀ.ਕੇ.ਯੂ. ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਫ਼ੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸੇਖੋਂ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬੀ.ਕੇ.ਯੂ. ਰਾਜੇਵਾਲ ਦੇ ਸੂਬਾ ਆਗੂ ਨਿਰੰਜਣ ਸਿੰਘ ਦੋਹਲਾ, ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਿਰਮਲ ਸਿੰਘ ਬਟੜਿਆਣਾ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭੀਮ ਸਿੰਘ ਆਲਮਪੁਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਨਛੱਤਰ ਸਿੰਘ ਗੰਢੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ, ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ ‘ਚ ਦਲਿਤ ਪੱਤਾ ਖੇਡ ਰਹੀ ਹੈ। ਆਗੂਆਂ ਨੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਕਿ ਭਾਜਪਾ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਕੇ ਸੰਗਰੂਰ ਦੀ ਪੁਲਿਸ ਮਾਹੌਲ ਖਰਾਬ ਕਰਨ ਲਈ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ, ਗੁਰਮੀਤ ਸਿੰਘ ਭੱਟੀਵਾਲ, ਭਜਨ ਸਿੰਘ ਢੱਡਰੀਆਂ, ਬੀਰਬਲ ਸਿੰਘ ਲੇਹਲ ਕਲਾਂ, ਰਣ ਸਿੰਘ ਚੱਠਾ, ਜਰਨੈਲ ਸਿੰਘ ਜਨਾਲ, ਸੰਤਰਾਮ ਛਾਜਲੀ, ਹਰਜੀਤ ਸਿੰਘ ਮੰਗਵਾਲ ਨੇ ਸੰਬੋਧਨ ਕੀਤਾ।


Share