ਖੇਤੀ ਕਾਨੂੰਨਾਂ ਦਾ ਵਿਰੋਧ: ਵਿਉਂਤਬੱਧ ਪਿੰਡ ਦਾ ਰੂਪ ਧਾਰਦਾ ਜਾ ਰਿਹੈ ਦਿੱਲੀ ਕਿਸਾਨ ਮੋਰਚਾ

195
Share

-ਕਿਸਾਨਾਂ ਨੇ ਨਗਰ ਦੀਆਂ ਸਮੱਸਿਆਵਾਂ ਸੁਲਝਾਉਣ ਦਾ ਕਾਰਜ ਵੀ ਆਪਣੇ ਹੱਥਾਂ ‘ਚ ਲਿਆ
-ਕਿਸਾਨਾਂ ਨੂੰ ਲੰਗਰ ਛਕਣ ਦੌਰਾਨ ਸਫ਼ਾਈ ਦਾ ਖਿਆਲ ਰੱਖਣ ਲਈ ਕੀਤਾ ਜਾ ਰਿਹੈ ਪ੍ਰੇਰਿਤ
ਸਿੰਘੂ ਬਾਰਡਰ, 16 ਦਸੰਬਰ (ਮੇਜਰ ਸਿੰਘ/ਪੰਜਾਬ ਮੇਲ)- ਸਿੰਘੂ ਬਾਰਡਰ ਉੱਪਰ 15 ਕਿੱਲੋਮੀਟਰ ਦੇ ਕਰੀਬ ਜੀ.ਟੀ. ਰੋਡ ਉੱਪਰ ਮੋਰਚਾ ਲਗਾ ਕੇ ਕਈ ਦਿਨਾਂ ਤੋਂ ਰੈਣ-ਬਸੇਰਾ ਬਣਾਈ ਬੈਠੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਗੂੰਜਾਉਂਣ ਤੇ ਰੋਸ ਪ੍ਰਗਟ ਕਰਨ ਦੇ ਨਾਲ ਸੜਕ ਉੱਪਰ ਆਬਾਦ ਹੋਏ ਨਗਰ ਦੀਆਂ ਸਮੱਸਿਆਵਾਂ ਸੁਲਝਾਉਣ ਦਾ ਕਾਰਜ ਵੀ ਆਪਣੇ ਹੀ ਹੱਥ ਲੈ ਲਿਆ ਹੈ। ਅੰਦੋਲਨਕਾਰੀ ਕਿਸਾਨਾਂ ਦੇ ਕਬਜ਼ੇ ‘ਚ ਆਏ ਇਸ ਖੇਤਰ ਵਿਚ ਸਰਕਾਰੀ ਦਖ਼ਲ ਨਾਂਹ ਦੇ ਬਰਾਬਰ ਹੈ। ਪਹਿਲੇ ਕੁਝ ਦਿਨ ਤਾਂ ਹਰਿਆਣਾ ਸਰਕਾਰ ਨੇ ਬਿਜਲੀ ਵੀ ਗੁਲ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਕਿਸਾਨਾਂ ਦੀ ਚਿਤਾਵਨੀ ਬਾਅਦ ਇਹ ਬਹਾਲ ਕਰ ਦਿੱਤੀ ਹੈ। ਇਸ ਛੋਟੇ ਜਿਹੇ ਖੇਤਰ ‘ਚ ਇਸ ਵੇਲੇ 2 ਲੱਖ ਦੇ ਕਰੀਬ ਲੋਕ, 15 ਹਜ਼ਾਰ ਤੋਂ ਵਧੇਰੇ ਟਰੈਕਟਰ-ਟਰਾਲੀਆਂ, ਕਾਰਾਂ-ਜੀਪਾਂ ਤੇ ਹੋਰ ਵਾਹਨਾਂ ਸਮੇਤ ਇੱਥੇ ਡਟੇ ਹੋਏ ਹਨ। ਸੜਕ ਉੱਪਰ ਹੀ ਉਹ ਟਰਾਲੀਆਂ ਦੇ ਬਣਾਏ ਘਰਾਂ ‘ਚ ਠੰਢੀਆਂ ਰਾਤਾਂ ਕੱਟਦੇ ਹਨ ਤੇ ਸੜਕਾਂ ਉੱਪਰ ਲੰਗਰ ਬਣਾਏ ਜਾ ਰਹੇ ਹਨ ਪਰ ਦਸ ਕੁ ਦਿਨਾਂ ਦੇ ਠਹਿਰਾਅ ਬਾਅਦ ਇਸ ਨਵੇਂ ਵਸੇ ਨਗਰ ‘ਚ ਸਾਫ਼-ਸਫ਼ਾਈ ਤੇ ਟ੍ਰੈਫ਼ਿਕ ਵੱਡੀ ਸਮੱਸਿਆ ਬਣ ਕੇ ਉਭਰ ਆਈ। ਸਰਕਾਰੀ ਤੰਤਰ ਇਸ ਨਗਰ ਨੂੰ ਕੋਈ ਵੀ ਸਹੂਲਤ ਪ੍ਰਦਾਨ ਕਰਨ ਤੋਂ ਪਹਿਲਾਂ ਇਨਕਾਰੀ ਹੈ। ਇੱਥੋਂ ਤੱਕ ਕੇ ਪੀਣ ਦੇ ਪਾਣੀ ਦੇ ਟੈਂਕਰ ਕਿਸਾਨ ਖੁਦ ਦੂਰੋਂ ਨੇੜਿਓਂ ਭਰ ਕੇ ਲਿਆਉਂਦੇ ਹਨ ਅਤੇ ਪੀਣ ਲਈ ਬੰਦ ਡੱਬਿਆਂ ਦਾ ਪਾਣੀ ਵੀ ਉਹ ਆਪਣੇ ਪੱਲਿਓਂ ਜਾਂ ਸਹਿਯੋਗੀਆਂ ਦੇ ਸਾਥ ਨਾਲ ਲੈ ਰਹੇ ਹਨ।
ਏਡੇ-ਵੱਡੇ ਨਗਰ ‘ਚ ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਬਦਬੂ ਫੈਲਣੀ ਸ਼ੁਰੂ ਹੋ ਗਈ ਸੀ ਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ। ਟ੍ਰੈਫ਼ਿਕ ਦਾ ਕੋਈ ਨਿਯਮ ਜਾਂ ਇੰਤਜ਼ਾਮ ਨਾ ਹੋਣ ਕਾਰਨ ਆਮ ਲੋਕਾਂ ਨੂੰ ਤਾਂ ਭਾਰੀ ਔਖ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਸੀ, ਖੁਦ ਮੋਰਚੇ ‘ਚ ਬੈਠੇ ਕਿਸਾਨਾਂ ਨੂੰ ਸਟੇਜ ਲਾਗੇ ਜਾਣ ਤੋਂ ਫਿਰ ਵਾਪਸ ਆਉਣ ‘ਚ ਭਾਰੀ ਦਿੱਕਤ ਆਉਣੀ ਸ਼ੁਰੂ ਹੋ ਗਈ। ਬਸ ਫਿਰ ਕੀ ਸੀ, ਮੋਰਚੇ ‘ਚ ਆਏ ਨੌਜਵਾਨਾਂ ਨੇ ਜੋਸ਼ ਦੇ ਨਾਲ ਇਸ ਵੱਡੇ ਇੰਤਜਾਮ ਦਾ ਕੰਮ ਵੀ ਸੰਭਾਲ ਲਿਆ। ਕ੍ਰਿਸ਼ਮਾ ਇਹ ਕਿ ਕਿਸੇ ਇਕ ਕੇਂਦਰੀ ਕਮਾਨ ਤੋਂ ਬਗੈਰ ਹੀ ਜਾਂ ਥਾਂ ਇਹ ਨੌਜਵਾਨ ਅੱਡੋ-ਅੱਡ ਕੰਮਾਂ ‘ਚ ਜੁਟ ਗਏ। ਸੈਂਕੜੇ ਨੌਜਵਾਨ ਕਿਸਾਨ ਸਾਰਾ ਦਿਨ ਤੇ ਦੇਰ ਰਾਤ ਤੱਕ ਸੋਨੀਪਤ ਤੋਂ ਸਿੰਘੂ ਬਾਰਡਰ ਤੱਕ ਸਰਵਿਸ ਲੇਨ ਖ਼ਾਲੀ ਕਰਵਾ ਕੇ ਵਾਹਨਾਂ ਨੂੰ ਇਕ-ਇਕ ਕਤਾਰ ‘ਚ ਤੋਰਨ ਲਈ ਮੀਲਾਂ ਦੂਰ ਮਨੁੱਖੀ ਚੇਨ ਬਣਾ ਕੇ ਖੜ੍ਹਦੇ ਹਨ। ਇਸ ਨਾਲ ਹੁਣ ਸਥਾਨਕ ਲੋਕਾਂ ਦਾ ਆਉਣ-ਜਾਣ ਵੀ ਸੁਖਾਲਾ ਹੋ ਗਿਆ ਹੈ ਤੇ ਸੋਨੀਪਤ ਤੋਂ ਦਿੱਲੀ ਬਾਰਡਰ ਤੱਕ ਆਮ ਮੁਸਾਫ਼ਰਾਂ ਨੂੰ ਢੋਣ ਵਾਲੇ ਟੈਂਪੂ ਵੀ ਚੱਲਣੇ ਸ਼ੁਰੂ ਹੋ ਗਏ ਤੇ ਖੁਦ ਕਿਸਾਨਾਂ ਦੇ ਵਾਹਨਾਂ ਨੂੰ ਅੱਗੇ-ਪਿੱਛੇ ਜਾਣ ਦੀ ਸਹੂਲਤ ਵੀ ਮਿਲ ਗਈ ਹੈ। ਨੌਜਵਾਨ ਵਲੰਟੀਅਰਾਂ ਨੇ ਜੀ.ਟੀ. ਰੋਡ ਉੱਪਰ ਆਮ-ਮੁਹਾਰੇ ਟੇਢੀਆਂ-ਮੇਢੀਆਂ ਖੜ੍ਹੀਆਂ ਟਰਾਲੀਆਂ ਨੂੰ ਵੀ ਤਰਤੀਬ ‘ਚ ਕਰਨਾ ਸ਼ੁਰੂ ਕਰ ਦਿੱਤਾ ਹੈ। ਨੌਜਵਾਨਾਂ ਦੇ ਇਸ ਯਤਨ ਨਾਲ ਹੁਣ ਇਹ ਮੋਰਚਾ ਇਕ ਵਿਉਂਤਬੱਧ ਪਿੰਡ ਦਾ ਰੂਪ ਧਾਰਦਾ ਜਾ ਰਿਹਾ ਹੈ।
ਸ਼ੁਰੂ ਵਿਚ ਇੱਥੇ ਆ ਟਿਕੇ ਕਿਸਾਨ ਲੰਗਰ ਬਣਾਉਣ ਲਈ ਸਬਜ਼ੀਆਂ ਦੀ ਰਹਿੰਦ-ਖੂਹਦ, ਵਰਤੀਆਂ ਪਲੇਟਾਂ, ਖ਼ਾਲੀ ਗਲਾਸ ਤੇ ਹੋਰ ਹਰ ਤਰ੍ਹਾਂ ਦਾ ਕੂੜਾ-ਕਰਕਟ ਜਿੱਥੇ ਮਰਜ਼ੀ ਸੁੱਟੀ ਜਾਂਦੇ ਸਨ। ਅਜਿਹੀ ਹਾਲਾਤ ‘ਚ ਗੰਦਗੀ ਫੈਲਣ ਨਾਲ ਜਦ ਕਿਸਾਨਾਂ ਦੀ ਸਿਹਤ ਉੱਪਰ ਪ੍ਰਭਾਵ ਪੈਣ ਦਾ ਖ਼ਤਰਾ ਪੈਦਾ ਹੋਇਆ, ਤਾਂ ਹਜ਼ਾਰਾਂ ਨੌਜਵਾਨਾਂ ਨਹੀਂ, ਸਗੋਂ ਹਰ ਉਮਰ ਦੇ ਕਿਸਾਨਾਂ ਨੇ ਥਾਂ-ਥਾਂ ਰਹਿੰਦ-ਖੂੰਹਦ ਨਾਲ ਹੀ ਨਾਲ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ। ਕਿਸਾਨਾਂ ਦੀ ਹਿੰਮਤ ਦੇਖ ਕੇ ਸਥਾਨਕ ਨਗਰ ਕੌਂਸਲ ਨੇ ਵੀ ਰਹਿੰਦ-ਖੂੰਹਦ ਬਾਹਰ ਲਿਜਾਣ ਲਈ ਛੋਟੇ ਵਾਹਨ ਲਗਾ ਦਿੱਤੇ ਹਨ। ਥਾਂ-ਥਾਂ ਹੱਥਾਂ ‘ਚ ਸਪੀਕਰ ਫੜ ਕੇ ਚੱਲ ਰਹੇ ਕਿਸਾਨਾਂ ਨੂੰ ਲੰਗਰ ਛਕਣ ਤੇ ਸਫ਼ਾਈ ਦਾ ਖਿਆਲ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ। ਦਿੱਲੀ ਤੇ ਪੰਜਾਬ ਦੇ ਸ਼ਹਿਰਾਂ ਤੋਂ ਗਏ ਮੱਧਵਰਗੀ ਪਰਿਵਾਰਾਂ ਦੇ ਮੈਂਬਰ ਕਿਸਾਨਾਂ ਦੀ ਪ੍ਰਬੰਧਕੀ ਕਲਾ ਤੋਂ ਬੇਹੱਦ ਹੈਰਾਨ ਤੇ ਖੁਸ਼ ਹੋ ਰਹੇ ਹਨ। ਮੁਹਾਲੀ ਤੋਂ ਆਪਣੇ ਪਰਿਵਾਰ ਨਾਲ ਗਏ ਇਕ ਸੇਵਾਮੁਕਤ ਸਿੱਖ ਅਧਿਕਾਰੀ ਤਾਂ ਇਹ ਵੀ ਆਖ ਰਹੇ ਸਨ ਕਿ ਏਨੀ ਵਿਉਂਤਬੰਦੀ ਤੇ ਪ੍ਰਬੰਧਕੀ ਕਲਾ ਦੇ ਮਾਹਰ ਇਨ੍ਹਾਂ ਕਿਸਾਨਾਂ ਉੱਪਰ ਕਿਉਂ ਥੋਪੇ ਜਾ ਰਹੇ ਹਨ ਨਵੇਂ ਕਾਨੂੰਨ, ਇਨ੍ਹਾਂ ਨੂੰ ਖੁਦਮੁਖਤਾਰ ਹੋ ਕੇ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ।


Share