ਖੇਤੀ ਕਾਨੂੰਨਾਂ ਦਾ ਵਿਰੋਧ: ਮੋਗਾ ‘ਚ ਕਿਸਾਨ ਬੀਬੀਆਂ ਵੱਲੋਂ ਮੋਦੀ ਦੀ ਅਰਥੀ ਫੂਕ ਮੁਜ਼ਾਹਰਾ

714

ਮੋਗਾ, 9 ਅਕਤੂਬਰ (ਪੰਜਾਬ ਮੇਲ)- ਇਥੇ ਰੇਲਵੇ ਸਟੇਸ਼ਨ ਉੱਤੇ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਪੱਕੇ ਧਰਨੇ ਦੇ 9ਵੇਂ ਦਿਨ ਨਰਿੰਦਰ ਮੋਦੀ ਦੀ ਰਾਵਣ ਰੂਪੀ ਅਰਥੀ ਸਾੜੀ ਅਤੇ ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਨੇ ਪਿੱਟ ਸਿਆਪਾ ਕੀਤਾ ਅਤੇ ਕੀਰਨੇ ਪਾਏ। ਇਸ ਮੌਕੇ ਅਰਥੀ ਚੁੱਕ ਕੇ ਕਿਸਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਖੇਤੀ ਕਾਨੂੰਨ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਹਰ ਪੇਂਡੂ, ਹਰ ਸ਼ਹਿਰੀ ਰੋਸ ਜਾਹਰ ਕਰੇ। ਲੋਕ ਆਪਣੇ ਮੋਟਰਸਾਈਕਲਾਂ, ਟਰੈਕਟਰਾਂ, ਗੱਡੀਆਂ ਉੱਪਰ ਕਾਲੇ ਝੰਡੇ ਲਗਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਸਿਰਸਾ ਵਿਖੇ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ 2 ਘੰਟੇ ਫਿਰੋਜ਼ਪੁਰ ਲੁਧਿਆਣਾ ਰੋਡ ਜਾਮ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਖੋਸਾ, ਬਲਵੰਤ ਸਿੰਘ ਬਹਿਰਾਮਕੇ, ਪ੍ਰਗਟ ਸਿੰਘ ਸਾਫੂਵਾਲਾ, ਸੂਰਤ ਸਿੰਘ ਧਰਮਕੋਟ, ਵਿੱਕੀ ਮਹੇਸਰੀ, ਨਿਰਮਲ ਸਿੰਘ ਮਾਣੂੰਕੇ, ਸੁਖਵਿੰਦਰ ਸਿੰਘ ਬ੍ਰਹਮਕੇ, ਸੁਖਜਿੰਦਰ ਮਹੇਸਰੀ, ਮਾਸਟਰ ਦਰਸ਼ਨ ਸਿੰਘ ਤੂਰ, ਗੁਰਭੇਜ ਸਿੰਘ ਸਾਬਕਾ ਬੈੰਕ ਮੁਲਾਜ਼ਮ ਆਗੂ, ਨਰਿੰਦਰ ਸੋਹਲ, ਬਿੱਕਰ ਸਿੰਘ ਚੂਹੜਚੱਕ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਰਿਕਸ਼ਾ ਪੂਲਰ ਵਰਕਰਜ਼ ਯੂਨੀਅਨ ਏਟਕ ਦੇ ਜਸਪਾਲ ਸਿੰਘ ਘਾਰੂ, ਕੁਲਦੀਪ ਭੋਲਾ, ਬੂਟਾ ਸਿੰਘ ਤਖਾਣਵੱਧ, ਹਰਦਿਆਲ ਸਿੰਘ ਘਾਲੀ, ਗੁਲਜ਼ਾਰ ਸਿੰਘ ਘੱਲਕਲਾਂ, ਸਾਰਜ ਸਿੰਘ, ਸੁੱਖਾ ਸਿੰਘ ਵਿਰਕ, ਕਰਮਵੀਰ ਕੌਰ ਬੱਧਨੀ, ਅਵਤਾਰ ਸਿੰਘ ਚੜਿੱਕ ਆਦਿ ਹਾਜ਼ਰ ਸਨ। ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਲਗਾਤਾਰ ਧਰਨੇ ਮੌਕੇ ਹਰ ਰੋਜ਼ ਇਕੱਠੇ ਹੁੰਦੇ ਸੈਂਕੜੇ ਲੋਕਾਂ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਮੇਜ਼ਰ ਸਿੰਘ ਪ੍ਰਧਾਨ, ਜਨਰਲ ਸਕੱਤਰ ਅਜੀਤ ਸਿੰਘ ਦੀ ਨਿਗਰਾਨੀ ਹੇਠ ਮੈਡੀਕਲ ਕੈਂਪ ਵੀ ਲਗਾਇਆ ਗਿਆ।