ਖੇਤੀ ਕਾਨੂੰਨਾਂ ਦਾ ਵਿਰੋਧ : ਪੰਜਾਬ ‘ਚ ਟੌਲ ਪਲਾਜ਼ਿਆਂ ਤੇ ਪੈਟਰੋਲ ਪੰਪ ਦਾ ਘਿਰਾਓ 37ਵੇਂ ਦਿਨ ਵੀ ਰਿਹਾ ਜਾਰੀ

516
Share

ਭਵਾਨੀਗੜ੍ਹ, 6 ਨਵੰਬਰ (ਪੰਜਾਬ ਮੇਲ) – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਟੌਲ ਪਲਾਜ਼ਾ ਕਾਲਾਝਾੜ, ਟੌਲ ਪਲਾਜ਼ਾ ਮਾਝੀ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ 37ਵੇਂ ਦਿਨ ਵੀ ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ, ਨਵਜੋਤ ਕੌਰ, ਮੇਵਾ ਸਿੰਘ, ਅਮਨਦੀਪ ਸਿੰਘ ਮਹਿਲਾਂ ਅਤੇ ਗੁਰਮੇਲ ਸਿੰਘ ਘਾਬਦਾਂ ਨੇ ਦੋਸ਼ ਲਾਇਆ ਗਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅੰਦਰ ਉੱਠੀ ਕਿਸਾਨ ਲਹਿਰ ਤੋਂ ਘਬਰਾ ਕੇ ਕੇਂਦਰ ਸਰਕਾਰ ਬਦਲਾ ਲਊ ਕਾਰਵਾਈ ਕਰ ਰਹੀ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ‘ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਬੁੱਧ ਸਿੰਘ ਬਾਲਦ, ਅੰਗਰੇਜ ਸਿੰਘ, ਹਰਦੀਪ ਸਿੰਘ ਨਕਟੇ ਅਤੇ ਜਰਨੈਲ ਸਿੰਘ ਮਾਝੀ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਮੋਦੀ ਸਰਕਾਰ ਨੂੰ ਵਕਤ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਦਿੱਲੀ ਵਿਖੇ ਧਰਨੇ ਦਾ ਐਕਸ਼ਨ ਇਤਿਹਾਸਕ ਹੋਵੇਗਾ।
ਚਮਕੌਰ ਸਾਹਿਬ : ਚਮਕੌਰ ਸਾਹਿਬ-ਰੂਪਨਗਰ ਸੜਕ ‘ਤੇ ਪਿੰਡ ਕਮਾਲਪੁਰ ਟੌਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਅੱਜ 25ਵੇਂ ਦਿਨ ਵੀ ਧਰਨੇ ਦੌਰਾਨ ਜਿੱਥੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਪ੍ਰਦਰਸ਼ਨ ਕੀਤਾ ਗਿਆ। ਪਿੰਡ ਭੱਕੂਮਾਜਰਾ ਦੇ ਸਰਪੰਚ ਅਜਮੇਰ ਸਿੰਘ, ਸਾਬਕਾ ਸਰਪੰਚ ਰਾਜਦੀਪ ਸਿੰਘ ਰਾਜੀ, ਸਰਪੰਚ ਦਰਸਨ ਸਿੰਘ ਝੱਲੀਆਂ, ਸਰਪੰਚ ਗੁਰਮੀਤ ਸਿੰਘ ਅਤੇ ਨਗਰ ਪੰਚਾਇਤ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਦੀ ਆਰਥਿਕਤਾ ਨੂੰ ਵੱਡਾ ਝਟਕਾ ਦਿੰਦਿਆਂ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਮੰਦਹਾਲੀ ਦੇ ਦੌਰ ‘ਚ ਸੁੱਟ ਦਿੱਤਾ ਹੈ। ਇਸ ਮੌਕੇ ਬੁੱਧੀਜੀਵੀ ਬਲਵੰਤ ਸਿੰਘ ਰਹਿਲ, ਸੰਦੀਪ ਜੱਸੜਾ, ਜਤਿੰਦਰ ਸਿੰਘ ਗੋਗੀ, ਜੋਧ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਅਤੇ ਸੰਦੀਪ ਸਿੰਘ ਝੱਲੀਆਂ ਹਾਜ਼ਰ ਸਨ।
ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਦੇ ਕਾਰਪੋਰੇਟ ਸਾਥੀਆਂ ਖਿਲਾਫ਼ ਸ਼ੁਰੂ ਕੀਤੇ ਰੋਸ ਧਰਨੇ ਦੌਰਾਨ ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤਾ ਜਾ ਰਿਹਾ ਲਗਾਤਾਰ ਧਰਨਾ ਅੱਜ 37ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਧਰਨੇ ਨੂੰ ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ, ਬਹਾਲ ਸਿੰਘ ਢੀਂਡਸਾ, ਸੂਬਾ ਸਿੰਘ ਸੰਗਤਪੁਰਾ, ਲੀਲਾ ਸਿੰਘ ਚੌਟੀਆਂ, ਹਰਜੀਤ ਭੁਟਾਲ, ਬਹਾਦਰ ਸਿੰਘ, ਕਰਨੈਲ ਸਿੰਘ ਗਨੋਟਾ ਨੇ ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨੇ ਕਾਨੂੰਨ ਖਤਮ ਕੀਤੇ ਜਾਣ। ਉਨ੍ਹਾਂ ਕਿਹਾ ਕਿ 27 ਨਵੰਬਰ ਨੂੰ ‘ਦਿੱਲੀ ਚੱਲੋ’ ਸੰਘਰਸ਼ ਲਈ ਲੋਕਾਂ ਨੂੰ ਪ੍ਰੇਰਿਆ ਜਾਵੇਗਾ।


Share