ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਦੁਖੀ ਦਸੂਹਾ ਦੇ ਕਿਸਾਨ ਪਿਉ-ਪੁੱਤ ਵੱਲੋਂ ਖ਼ੁਦਕੁਸ਼ੀ

352
Share

ਦਸੂਹਾ, 20 ਫਰਵਰੀ (ਪੰਜਾਬ ਮੇਲ)- ਇਥੋਂ ਨੇੜਲੇ ਪਿੰਡ ਮਹੱਦੀਪੁਰ ਵਿਖੇ ਬੀਤੀ ਰਾਤ ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਪ੍ਰੇਸ਼ਾਨ ਪਿਉ-ਪੁੱਤ ਨੇ ਸਲਫਾਸ਼ ਦੀਆਂ ਗੋਲੀਆਂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕਾਂ ਦੀ ਪਛਾਣ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ (70) ਤੇ ਉਸ ਦੇ ਪੁੱਤਰ ਕਿਰਪਾਲ ਸਿੰਘ (43) ਵਜੋਂ ਹੋਈ ਹੈ। ਦੋਵਾਂ ਨੇ ਕਰੀਬ ਅੱਧੀ ਰਾਤ ਵੇਲੇ ਸਲਫਾਸ਼ ਦੀਆਂ ਗੋਲੀਆਂ ਖਾਧੀਆਂ ਤੇ ਸਵੇਰੇ ਉਹ ਆਪਣੇ ਬਿਸਤਰਿਆਂ ’ਤੇ ਮਿ੍ਰਤਕ ਮਿਲੇ। ਡੀ.ਐੱਸ.ਪੀ. ਦਸੂਹਾ ਮੁਨੀਸ਼ ਸ਼ਰਮਾ ਦੀ ਅਗਵਾਈ ਹੇਠ ਥਾਣਾ ਮੁਖੀ ਮਲਕੀਅਤ ਸਿੰਘ ਸਮੇਤ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ, ਜਿਸ ਦੌਰਾਨ ਪੁਲਿਸ ਨੇ ਲਾਸ਼ਾਂ ਕੋਲੋਂ ਖੁਦਕੁਸ਼ੀ ਨੋਟ ਬਰਾਮਦ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਆਪਣੀ ਮੌਤ ਲਈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਨਵੇਂ ਖੇਤੀ ਕਾਨੂੰਨਾਂ ਅਤੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਸਕੀਮ ਤਹਿਤ ਕਰਜ਼ਾ ਮੁਆਫ ਨਾ ਕਰਨ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਬੋਦਲ ਤੋਂ 4 ਲੱਖ ਅਤੇ ਕੋਆਪ੍ਰੇਟਿਵ ਸੁਸਾਇਟੀ ਉਸਮਾਨ ਸ਼ਹੀਦ ਤੋਂ 3 ਲੱਖ ਰੁਪਏ ਕਰਜ਼ਾ ਲਿਆ ਸੀ। ਡੀ.ਐੱਸ.ਪੀ. ਮੁਨੀਸ਼ ਸ਼ਰਮਾ ਨੇ ਦੱਸਿਆ ਕਿ 174 ਦੀ ਕਾਰਵਾਈ ਕੀਤੀ ਗਈ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜ ਦਿੱਤਾ ਗਿਆ ਹੈ।

Share