ਖੇਤੀ ਕਾਨੂੰਨਾਂ ਖ਼ਿਲਾਫ਼ ਚਲਦੇ ਸੰਘਰਸ਼ ਨੂੰ ਪਹਿਲਾਂ ਵਾਂਗ ਜਾਰੀ ਰੱਖਣਗੇ ਕਿਸਾਨ

462
Share

ਪਹਿਲੀ ਫਰਵਰੀ ਦਾ ਸੰਸਦ ਮਾਰਚ ਰੱਦ

ਨਵੀਂ ਦਿੱਲੀ, 28 ਜਨਵਰੀ (ਪੰਜਾਬ ਮੇਲ)- ਕੌਮੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਮੌਕੇ ਕੰਢੀ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਅੱਜ 37 ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦਾ ਇਨਾਮ ਕਰਾਰ ਦਿੱਤਾ ਹੈ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ‘ਐੱਫਆਈਆਰ, ਜੇਲ੍ਹ ਤੇ ਤਸੀਹੇ…ਅੰਦੋਲਨਾਂ ਦਾ ਇਨਾਮ ਹੁੰਦੇ ਹਨ।’ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਯੂਨੀਅਨਾਂ ਨੇ ਅੱਜ ਲੰਮੀ ਵਿਚਾਰ ਚਰਚਾ ਮਗਰੋਂ ਪਹਿਲੀ ਫਰਵਰੀ ਨੂੰ ਸੰਸਦ ਵੱਲ ਤਜਵੀਜ਼ਤ ਮਾਰਚ ਨੂੰ ਰੱਦ ਕਰ ਦਿੱਤਾ ਹੈ। ਇਸ ਦਿਨ ਸੰਸਦ ਵਿੱਚ ਸਾਲਾਨਾ ਬਜਟ ਪੇਸ਼ ਕੀਤਾ ਜਾਣਾ ਹੈ। ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਚਲਦੇ ਸੰਘਰਸ਼ ਨੂੰ ਪਹਿਲਾਂ ਵਾਂਗ ਜਾਰੀ ਰੱਖਣਗੇ। ਇਸ ਦੇ ਨਾਲ ਹੀ ਮੋਰਚੇ ਨੇ 30 ਜਨਵਰੀ ਨੂੰ ਦੇਸ਼ ਭਰ ਵਿੱਚ ਜਨਤਕ ਮੀਟਿੰਗਾਂ ਕਰਨ ਤੇ ਭੁੱਖ ਹੜਤਾਲਾਂ ਰੱਖਣ ਦਾ ਵੀ ਸੱਦਾ ਦਿੱਤਾ ਹੈ। ਉਧਰ ਜਿਨ੍ਹਾਂ 37 ਕਿਸਾਨ ਆਗੂਆਂ ਖਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ.ਦਰਸ਼ਨ ਪਾਲ, ਬੀਕੇਯੂ ਹਰਿਆਣਾ ਦੇ ਆਗੂ   ਗੁਰਨਾਮ ਸਿੰਘ ਚੜੂਨੀ ਤੇ ਬੀਕੇਯੂ ਦੇ ਤਰਜਮਾਨ ਰਾਕੇਸ਼ ਟਿਕੈਤ ਦੇ ਨਾਂ ਵੀ ਸ਼ਾਮਲ ਹਨ। ਲਾਲ ਕਿਲ੍ਹੇ ਤੇ ਦਿੱਲੀ ਦੇ ਹੋਰਨਾਂ ਖੇਤਰਾਂ ਵਿੱਚ ਹੋਈ ਹਿੰਸਾ ’ਚ 394 ਦੇ ਕਰੀਬ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਹਿੰਸਾ ਮਾਮਲੇ ਵਿੱਚ ਹੁਣ ਤੱਕ ਕੁੱਲ 22 ਐੱਫਆਈਆਰ ਦਰਜ ਕੀਤੀਆਂ ਹਨ ਜਦੋਂਕਿ 200 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਵੱਲੋਂ ਹਿੰਸਾ ’ਚ ਸ਼ਾਮਲ ਲੋਕਾਂ ਦੀ ਪਛਾਣ ਲਈ ਮਲਟੀਪਲ ਵੀਡੀਓਜ਼ ਤੇ ਸੀਸੀਟੀਵੀ ਫੁਟੇਜਾਂ ਖੰਘਾਲੀਆਂ ਜਾ ਰਹੀਆਂ ਹਨ। ਦਿੱਲੀ ਪੁਲੀਸ ਨੇ ਕਿਹਾ ਕਿ ਉਹ ਸਬੰਧਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਇਸ ਦੌਰਾਨ ਇਹਤਿਆਤ ਵਜੋਂ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ। ਇਥੇ ਨੀਮ ਫੌਜੀ ਬਲ ਸੀਆਈਐੱਸਐੱਫ ਦੀਆਂ ਵਧੀਕ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਇਥੇ ਸਿੰਘੂ ਬਾਰਡਰ ’ਤੇ ਕੀਤੀ ਪ੍ਰੈੈੱਸ ਕਾਨਫਰੰਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ.ਦਰਸ਼ਨ ਪਾਲ ਨੇ ਕਿਹਾ, ‘ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਪਿੱਛੇ ਸਰਕਾਰ ਦੀ ਸਾਜ਼ਿਸ਼ ਸੀ। ਦੀਪ ਸਿੱਧੂ ਆਰਐੱਸਐੱਸ ਦਾ ਬੰਦਾ ਹੈ। ਇਹੀ ਵਜ੍ਹਾ ਹੈ ਕਿ ਲਾਲ ਕਿਲ੍ਹੇ ’ਤੇ ਧਾਰਮਿਕ ਝੰਡਾ ਝੁਲਾਉਣ ਮਗਰੋਂ ਪੁਲੀਸ ਨੇ ਉਸ ਨੂੰ ਉਥੋਂ ਜਾਣ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਪਹਿਲੀ ਫਰਵਰੀ ਨੂੰ ਬਜਟ ਵਾਲੇ ਦਿਨ ਸੰਸਦ ਵੱਲ ਕੱਢੇ ਜਾਣ ਵਾਲੇ ਤਜਵੀਜ਼ਤ ਮਾਰਚ ਨੂੰ ਰੱਦ ਕਰ ਦਿੱਤਾ ਹੈ। ਪਰ ਸਾਡਾ ਅੰਦੋਲਨ ਪਹਿਲਾਂ ਵਾਂਗ ਜਾਰੀ ਰਹੇਗਾ ਤੇ 30 ਜਨਵਰੀ ਨੂੰ ਪੂਰੇ ਮੁਲਕ ਵਿੱਚ ਜਨਤਕ ਮੀਟਿੰਗਾਂ ਤੇ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ।’

ਇਕ ਹੋਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਕੌਮੀ ਰਾਜਧਾਨੀ ’ਚ ਕੱਢੇ ਟਰੈਕਟਰ ਪਰੇਡ ਮਾਰਚ ਵਿੱਚ ਦੋ ਲੱਖ ਤੋਂ ਵੱਧ ਟਰੈਕਟਰ ਸ਼ਾਮਲ ਸਨ ਤੇ ਲੱਖਾਂ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ‘ਮਾਰਚ ਵਿੱਚ ਸ਼ਾਮਲ 99.9 ਫੀਸਦ ਪ੍ਰਦਰਸ਼ਨਕਾਰੀ ਕਿਸਾਨ ਸ਼ਾਂਤਮਈ ਸਨ।’ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਸਾਨੂੰ ਲਾਲ ਕਿਲ੍ਹੇ ਵਿੱਚ ਵਾਪਰੇ ਘਟਨਾਕ੍ਰਮ ’ਤੇ ਅਫਸੋਸ ਹੈ ਤੇ ਅਸੀਂ ਇਸ ਦੀ ਮੌਲਿਕ ਜ਼ਿੰਮੇਵਾਰੀ ਲੈਂਦੇ ਹਾਂ। ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਸਾਜ਼ਿਸ਼ ਹੈ।’ 37 ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਯਾਦਵ ਨੇ ਕਿਹਾ, ‘ਐੱਫਆਈਆਰ, ਜੇਲ੍ਹ ਤੇ ਤਸੀਹੇ ਤਾਂ ਅੰਦੋਲਨਾਂ ਦਾ ਇਨਾਮ ਹੁੰਦੇ ਹਨ।’ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ, ‘ਸਾਡੇ ਕੋਲ ਵੀਡੀਓ ਕਲਿੱਪਾਂ ਮੌਜੂਦ ਹਨ ਤੇ ਅਸੀਂ ਇਹ ਸਾਬਤ ਕਰ ਦਿਆਂਗੇ ਕਿ ਕਿਵੇਂ ਸਾਡੇ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਘੜੀ ਗਈ।

ਉਧਰ ਦਿੱਲੀ ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਸਮੇਂਪੁਰ ਬਾਦਲੀ ਵਿੱਚ ਦਰਜ ਐੱਫਆਈਆਰ ਵਿੱਚ ਯੋਗੇਂਦਰ ਯਾਦਵ, ਦਰਸ਼ਨ ਪਾਲ, ਰਾਕੇਸ਼ ਟਿਕੈਤ ਤੇ ਚੜੂਨੀ ਸਮੇਤ 37 ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ ਤੇ ਹਿੰਸਾ ਵਿੱਚ ਇਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਐੱਫਆਈਆਰ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ 147, 148 (ਦੰਗਿਆਂ ਨਾਲ ਸਬੰਧਤ), 307 (ਇਰਾਦਾ ਕਤਲ) ਤੇ 120ਬੀ (ਅਪਰਾਧਕ ਸਾਜ਼ਿਸ਼) ਤਹਿਤ ਦਰਜ ਕੀਤੀ ਗਈ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਐੱਫਆਈਆਰ ਵਿੱਚ ਰਾਜਿੰਦਰ ਸਿੰਘ, ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ ਆਦਿ ਦੇ ਨਾਂ ਵੀ ਸ਼ਾਮਲ ਹਨ। ਸੂਤਰਾਂ ਦੀ ਮੰਨੀਏ ਤਾਂ ਨੰਗਲੋਈ ਪੁਲੀਸ ਸਟੇਸ਼ਨ ਵਿੱਚ ਦਰਜ ਵੱਖਰੀ ਐੱੱਫਆਈਆਰ ਵਿੱਚ ਵੀ 40 ਦੇ ਕਰੀਬ ਕਿਸਾਨ ਆਗੂਆਂ ਦੇ ਨਾਮ ਦਰਜ ਹਨ। ਇਨ੍ਹਾਂ ਵਿੱਚ ਯੋਗੇਂਦਰ ਯਾਦਵ ਦਾ ਵੀ ਨਾਮ ਹੈ।

ਇਸ ਦੌਰਾਨ ਕੌਮੀ ਰਾਜਧਾਨੀ ਦੇ ਵੱਖ ਵੱਖ ਹਿੱਸਿਆਂ, ਖਾਸ ਕਰਕੇ ਲਾਲ ਕਿਲ੍ਹੇ ਤੇ ਕਿਸਾਨ ਵੱਲੋਂ ਲਾਏ ਧਰਨਿਆਂ ਵਾਲੀਆਂ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ’ਤੇ ਨੀਮ ਫੌਜੀ ਬਲਾਂ ਦੀਆਂ ਵਧੀਕ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਮੈਟਰੋ ਅਥਾਰਿਟੀਜ਼ ਨੇ ਲਾਲ ਕਿਲ੍ਹਾ ਸਟੇਸ਼ਨ ਨੂੰ ਬੰਦ ਕਰਨ ਮਗਰੋਂ ਜਾਮਾ ਮਸਜਿਦ ਸਟੇਸ਼ਨ ’ਚ ਦਾਖਲਾ ਸੀਮਤ ਕਰ ਦਿੱਤਾ ਹੈ।


Share