ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਕਿਸਾਨਾਂ ਦਾ ਪੰਜਾਬ ‘ਚ ਰੋਹ ਭਰਪੂਰ ਪ੍ਰਦਰਸ਼ਨ

604

ਸੜਕਾਂ ‘ਤੇ ਕਿਸਾਨਾਂ ਦੇ ਹੜ੍ਹਾਂ ਨੇ ਕੀਤੀ ਆਵਾਜਾਈ ਠੱਪ, 600 ਸੰਘਰਸ਼ੀ ਕਿਸਾਨਾਂ ‘ਤੇ ਕੇਸ ਦਰਜ

ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)- ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਭਰ ‘ਚ ਕਿਸਾਨਾਂ ਦੇ ਰੋਹ ਭਰਪੂਰ ਨਾਅਰੇ ਗੂੰਜੇ। ਸੰਸਦ ਦੇ ਮੌਨਸੂਨ ਇਜਲਾਸ ‘ਚ ਪੇਸ਼ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਨੇ ਸੜਕਾਂ ‘ਤੇ ਉਤਰ ਕੇ ਰੱਦ ਕਰ ਦਿੱਤਾ। ਦਰਜਨਾਂ ਕਿਸਾਨੀ ਧਿਰਾਂ ਨੇ ਵੱਖ-ਵੱਖ ਥਾਵਾਂ ਉੱਤੇ ਜਰਨੈਲੀ ਸੜਕਾਂ ‘ਤੇ ਧਰਨੇ ਲਾ ਕੇ ਆਵਾਜਾਈ ਠੱਪ ਕੀਤੀ। ਉਨ੍ਹਾਂ ਤਿੰਨ ਦਰਿਆਈ ਪੁਲਾਂ ਨੂੰ ਵੀ ਰੋਕਿਆ।
ਕਰੋਨਾ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨ ਆਪਣੀਆਂ ਮੰਗਾਂ ਦੇ ਹੱਕ ‘ਚ ਡਟੇ ਰਹੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੱਦੇ ‘ਤੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਸ਼ੁਰੂ ਹੋਏ ਦਿਨ-ਰਾਤ ਦੇ ਮੋਰਚੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ।  20 ਸਤੰਬਰ ਤੱਕ ਚੱਲਣ ਵਾਲੇ ਮੋਰਚੇ ਦੌਰਾਨ ਪਿੰਡ ਬਾਦਲ ਤੋਂ ਪਹਿਲਾਂ ਕਾਲਝਰਾਨੀ ‘ਚ ਹਜ਼ਾਰਾਂ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਜਿੱਥੇ ਅੱਧਾ ਘੰਟਾ ਪੁਲਿਸ ਨਾਲ ਖਿੱਚ-ਧੂਹ ਹੋਈ। ਕੇਸਰੀ ਚੁੰਨੀਆਂ ਲੈ ਕੇ ਪੁੱਜੀਆਂ ਔਰਤਾਂ ਨੇ ਸੰਘਰਸ਼ੀ ਰੰਗ ਤਿੱਖੇ ਕਰ ਦਿੱਤੇ। ਪਿੰਡ ਬਾਦਲ ਅਤੇ ਪਟਿਆਲਾ ‘ਚ ਵੱਡੀ ਗਿਣਤੀ ਪੁਲਿਸ ਤਾਇਨਾਤ ਸੀ। ਬੀ.ਕੇ.ਯੂ. (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਨੇ ਪਟਿਆਲਾ ਅਤੇ ਬਾਦਲ ‘ਚ ਸੰਬੋਧਨ ਕੀਤਾ। ਇਸ ਦੌਰਾਨ ਜੈਕਾਰਿਆਂ ਦੀ ਗੂੰਜ ‘ਚ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਦੱਸਿਆ ਗਿਆ। ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, ਪ੍ਰੋ. ਜੀ.ਐੱਨ. ਸਾਈਂ ਬਾਬਾ ਸਮੇਤ ਸ਼ਾਹੀਨ ਬਾਗ਼ ਤੇ ਜਾਮੀਆ ਯੂਨੀਵਰਸਿਟੀ ਦੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਜਿੱਤ ਤਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਕਿਸਾਨਾਂ ਨੇ ਰਾਜਪੁਰਾ ‘ਚ ਦਿੱਲੀ-ਅੰਮ੍ਰਿਤਸਰ ਹਾਈਵੇਅ ‘ਤੇ ਧਰਨਾ ਦਿੱਤਾ।
ਇਸੇ ਤਰ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ ਤਿੰਨ ਦਰਿਆਈ ਪੁਲਾਂ ਬਿਆਸ, ਹਰੀਕੇ ਹੈੱਡ ਅਤੇ ਟਾਂਡਾ ਸ੍ਰੀ ਹਰਗੋਬਿੰਦਪੁਰ ਪੁਲ ‘ਤੇ ਧਰਨੇ ਮਾਰ ਕੇ ਸੜਕੀ ਆਵਾਜਾਈ ਜਾਮ ਕੀਤੀ। ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਅਤੇ ਜਸਵੀਰ ਸਿੰਘ ਪਿੱਦੀ ਨੇ ਐਲਾਨ ਕੀਤਾ ਕਿ ਆਰਡੀਨੈਂਸਾਂ ਦੇ ਹੱਕ ‘ਚ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ ‘ਚ ਵੜਨ ਨਹੀਂ ਦਿੱਤਾ ਜਾਵੇਗਾ। ਪੰਜਾਬ ਪੁਲਿਸ ਚਾਰੇ ਪਾਸੇ ਸੜਕਾਂ ‘ਤੇ ਦਿਖੀ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸੇ ਤਰ੍ਹਾਂ ਦਸ ਕਿਸਾਨ ਧਿਰਾਂ ਨੇ ਕੌਮੀ ਸੜਕ ਮਾਰਗ ‘ਤੇ 25 ਥਾਵਾਂ ‘ਤੇ ਸੜਕਾਂ ‘ਤੇ ਜਾਮ ਲਾਏ।
ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਸਭਨਾਂ ਸਿਆਸੀ ਧਿਰਾਂ ਅਤੇ ਕਿਸਾਨ ਧਿਰਾਂ ਨੂੰ ਇੱਕਸੁਰ ਹੋ ਕੇ ਸੰਘਰਸ਼ ਲੜਨ ਦਾ ਸੱਦਾ ਦਿੱਤਾ ਹੈ। ਗਾਇਕ ਪੰਮੀ ਬਾਈ ਨੇ ਰਾਜਪੁਰਾ ਜੀ.ਟੀ. ਰੋਡ ‘ਤੇ ਧਰਨੇ ‘ਚ ਪੁੱਜ ਕੇ ਖੇਤੀ ਆਰਡੀਨੈਂਸਾਂ ਦੇ ਮਾਮਲੇ ‘ਤੇ ਕਿਸਾਨਾਂ ਸੰਘਰਸ਼ ਦੀ ਹਮਾਇਤ ਕੀਤੀ ਅਤੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਹਰੀਕੇ ਹੈੱਡ ਉੱਤੇ ਕੌਮੀ ਸ਼ਾਹ ਮਾਰਗ ‘ਤੇ ਧਰਨਾ ਦੇਣ ਵਾਲੇ ਸਵਾ ਛੇ ਸੌ ਤੋਂ ਵੱਧ ਕਿਸਾਨਾਂ ਖ਼ਿਲਾਫ਼ ਥਾਣਾ ਮਖੂ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਹ ਪਰਚਾ ਕਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਅਤੇ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ।