ਖੇਤੀ ਆਰਡੀਨੈਂਸ: ਕਿਸਾਨਾਂ ਦੇ ਜੋਸ਼ ਤੇ ਏਕੇ ਅੱਗੇ ਅਕਾਲੀ ਤੇ ਭਾਜਪਾ ਆਗੂਆਂ ਵੱਲੋਂ ਪਿੰਡਾਂ ਵੱਲ ਮੂੰਹ ਕਰਨਾ ਬੰਦ

704
Share

ਮਾਨਸਾ, 27 ਅਗਸਤ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚੱਲ ਰਹੀ ਪੰਜ ਰੋਜ਼ਾ ਪੇਂਡੂ ਨਾਕਾਬੰਦੀ ਦੇ ਤੀਜੇ ਦਿਨ ਅੱਜ ਕਿਸਾਨਾਂ ਵਲੋਂ ਪਿੰਡਾਂ ਦੀਆਂ ਗਲੀਆਂ ‘ਚ ਘੁੰਮ-ਘੁੰਮ ਕੇ ਮੁਜ਼ਾਹਰੇ ਕੀਤੇ ਗਏ। ਕਿਸਾਨਾਂ ਦੇ ਜੋਸ਼ ਤੇ ਏਕੇ ਅੱਗੇ ਅਕਾਲੀ ਤੇ ਭਾਜਪਾ ਆਗੂਆਂ ਨੇ ਪਿੰਡਾਂ ਵੱਲ ਮੂੰਹ ਕਰਨਾ ਬੰਦ ਕਰ ਦਿੱਤਾ ਹੈ।ਕਿਸਾਨਾਂ ਦੀ ਚਿਤਾਵਨੀ ਹੈ ਕਿ ਜੇ ਇਨ੍ਹਾਂ ਪਾਰਟੀਆਂ ਦੇ ਨੇਤਾ ਨਜ਼ਰ ਆ ਗਏ ਤਾਂ ਉਨ੍ਹਾਂ ਦਾ ਘਿਰਾਓ ਕਰ ਲਿਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਦੇ ਪਿੰਡ ਪੱਧਰੀ ਮੁਜ਼ਾਹਰਿਆਂ ਵਿਚ ਕਿਸਾਨਾਂ ਦੀ ਗਿਣਤੀ ਪਹਿਲੇ ਦੋ ਦਿਨਾਂ ਮੁਕਾਬਲੇ ਕਿਤੇ ਵੱਧ ਸੀ ਅਤੇ ਇਨ੍ਹਾਂ ਵਿਚ ਔਰਤਾਂ ਦਾ ਵੱਡੀ ਗਿਣਤੀ ਚ ਸ਼ਾਮਲ ਹੋਣਾ ਵਿਸ਼ੇਸ਼ ਹਾਸਲ ਰਿਹਾ। ਮਾਨਸਾ ਦੇ ਜਿਨ੍ਹਾਂ 83 ਪਿੰਡਾਂ ‘ਚ ਨਾਕਾਬੰਦੀ ਧਰਨੇ ਚਲ ਰਹੇ ਹਨ, ਉਨ੍ਹਾਂ ਵਿਚੋਂ ਬਹੁਤੇ ਪਿੰਡਾਂ ਵਿੱਚ ਮੁਜ਼ਾਹਰੇ ਅਤੇ ਢੋਲ ਮਾਰਚ ਹੋ ਰਹੇ ਹਨ। ਇਨ੍ਹਾਂ ਵਿਚ ਝੱਬਰ, ਭੈਣੀ ਬਾਘਾ, ਖੋਖਰ ਖੁਰਦ, ਫਫੜੇ ਭਾਈਕੇ, ਬਛੋਆਣਾ, ਦਿਆਲਪੁਰਾ, ਕਿਸ਼ਨਗੜ੍ਹ, ਗੋਰਖਨਾਥ, ਗੁਰਨੇ ਖੁਰਦ, ਮੀਰਪੁਰ ਕਲਾਂ, ਮੀਰਪੁਰ ਖੁਰਦ, ਜਲਵੇੜਾ, ਲਾਲਿਆਂਵਾਲੀ, ਭੰਮੇ ਕਲਾਂ, ਰਾਮਾਨੰਦੀ, ਆਦਮਕੇ ਤੇ ਸਰਦੂਲੇਵਾਲਾ ਸ਼ਾਮਲ ਹਨ। ਇਨ੍ਹਾਂ ਮੁਜ਼ਾਹਰਿਆਂ ਦੀ ਅਗਵਾਈ ਲੀਲਾ ਸਿੰਘ ਜਟਾਣਾ, ਜੱਗਾ ਸਿੰਘ, ਉਤਮ ਸਿੰਘ, ਸੁਖਦੇਵ ਬੁਰਜ ਹਰੀ,ਬਲਮ ਸਿੰਘ ਫਫੜੇ, ਟੋਨੀ ਭੈਣੀ ਬਾਘਾ, ਮਿੱਠੂ ਸਿੰਘ ਦਸੌੰਦੀਆ, ਨਾਜਰ ਸਿੰਘ ਮੀਰਪੁਰ ਅਤੇ ਮੇਜਰ ਸਿੰਘ ਗੋਬਿੰਦਪੁਰਾ ਨੇ ਕੀਤੀ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਕਰਮਜੀਤ ਸਿੰਘ ਤਾਮਕੋਟ ਨੇ ਵੀ ਭਰਾਤਰੀ ਸਹਿਯੋਗ ਵਜੋਂ ਸੰਬੋਧਨ ਕੀਤਾ।


Share