ਖੇਡਾਂ ਨੂੰ ਚੋਣ ਮਨੋਰਥ ਪੱਤਰ ’ਚ ਸ਼ਾਮਲ ਕਰਨਾ ਜ਼ਰੂਰੀ

139
Share

ਚੰਡੀਗੜ੍ਹ, 25 ਜਨਵਰੀ (ਪੰਜਾਬ ਮੇਲ)- ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਪਿੜ ਭਖਿਆ ਹੋਇਆ ਹੈ। ਹਰ ਰਾਜਨੀਤਿਕ ਪਾਰਟੀ ਆਪਣੇ ਆਪਣੇ ਕੰਮਾਂ ਨੂੰ ਲੋਕਾਂ ਵਿਚ ਗਿਣਾ ਰਹੀ ਹੈ। ਪਰ ਅੱਜ ਸਭ ਤੋਂ ਗੰਭੀਰ ਮੁੱਦਾ ‘ਨੌਜਵਾਨੀ ਨੂੰ ਬਚਾਉਣਾ’ ਹਾਸ਼ੀਏ ਤੋਂ ਬਾਹਰ ਹੋ ਗਿਆ ਹੈ। ਕੋਈ ਵੀ ਰਾਜਨੀਤਿਕ ਪਾਰਟੀ ਖੇਡਾਂ ਅਤੇ ਨੌਜਵਾਨੀ ਬਚਾਉਣ ਦੀ ਗੱਲ ਨਹੀਂ ਕਰ ਰਹੀ। ਸੁਸਾਇਟੀ ਫ਼ਾਰ ਸਪੋਰਟਸ ਪਰਸਨਜ਼ ਵੈੱਲਫੇਅਰ ਦੇ ਪ੍ਰਧਾਨ ਗੁਰਜੰਟ ਸਿੰਘ, ਮੁੱਖ ਸਲਾਹਕਾਰ ਜਗਦੀਪ ਸਿੰਘ ਕਾਹਲੋਂ, ਚੇਅਰਮੈਨ ਬਖਸ਼ੀਸ਼ ਸਿੰਘ ਨੇ ਕਿਹਾ ਕਿ ‘‘ਅੱਜ ਕੋਈ ਵੀ ਰਾਜਨੀਤਿਕ ਦਲ ਖੇਡਾਂ ਨੂੰ ਮੁੱਖ ਏਜੰਡੇ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਹੈ’’। ਰਾਜਨੀਤਿਕ ਲੀਡਰ ਖੇਡ ਟੂਰਨਾਮੈਂਟਾਂ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੁੰਦੇ ਰਹੇ ਹਨ ਪਰ ਅੱਜ ਕਿਸੇ ਨੂੰ ਵੀ ਖੇਡਾਂ ਦੇ ਮੁੱਦੇ ਦੀ ਯਾਦ ਨਹੀਂ ਆਈ। ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ‘‘ਅੱਜ ਨੌਜਵਾਨੀ ਨੂੰ ਬਚਾਉਣ ਲਈ ਖੇਡਾਂ ਹੀ ਇੱਕ ਅਜਿਹਾ ਸਹਾਰਾ ਹਨ, ਜਿਸ ਨਾਲ ਇਸ ਦਲਦਲ ਤੋਂ ਨੌਜਵਾਨੀ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਸੁਸਾਇਟੀ ਫ਼ਾਰ ਸਪੋਰਟਸ ਪਰਸਨਜ਼ ਵੈੱਲਫੇਅਰ ਦੇ ਮੁੱਖ ਸਲਾਹਕਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ‘‘ਅੱਜ ਖਿਡਾਰੀਆਂ ਦੇ ਬਹੁਤ ਸਾਰੇ ਅਜਿਹੇ ਮੁੱਦੇ ਹਨ, ਜਿਵੇਂ ਸਰਕਾਰੀ ਨੌਕਰੀਆਂ, ਮਹਾਰਾਜਾ ਰਣਜੀਤ ਸਿੰਘ ਐਵਾਰਡੀਆਂ ਨੂੰ ਪੈਨਸ਼ਨ ਦੇਣਾ, ਖਿਡਾਰੀਆਂ ਨੂੰ ਪੁਰਾਣੀਆਂ ਇਨਾਮੀ ਰਾਸ਼ੀ ਨਾ ਮਿਲਣਾ, ਵਰਗੇ ਮੁੱਦੇ ਸਭ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਅੱਜ ਪੰਜਾਬ ਦੇ ਖਿਡਾਰੀ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਚੇਅਰਮੈਨ ਬਖਸ਼ੀਸ਼ ਸਿੰਘ ਨੇ ਕਿਹਾ ਕਿ ‘‘ਨੌਜਵਾਨੀ ਅਤੇ ਖੇਡਾਂ ਹੀ ਪੰਜਾਬ ਨੂੰ ਸੇਧ ਦੇ ਸਕਦੀਆਂ ਹਨ’’। ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਤੋਂ ਮੰਗ ਕਰਦੇ ਹਾਂ ਕਿ ਖੇਡਾਂ ਨੂੰ ਸਾਰੀਆਂ ਰਾਜਸੀ ਪਾਰਟੀਆਂ ਆਪਣੇ ਏਜੰਡੇ ’ਚ ਸ਼ਾਮਲ ਕਰਨ।

Share